ਜਲੰਧਰ(ਵਿੱਕੀ ਸੂਰੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਸਕੂਲ ਪੱਧਰ ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਦੇ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਨਗਰ ਕੌਂਸਲਰ ਗੁਰਾਇਆ ਦੇ ਦਫਤਰ ਦੇ ਸਾਹਮਣੇ ਪ੍ਰੇਮ ਕੁਮਾਰ ਖਲਵਾੜਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲਾ ਜਲੰਧਰ ਦੇ ਸਹਾਇਕ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੀ ਪਹਿਲੀਆਂ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਦੇ ਰਾਹ ‘ਤੇ ਹੀ ਚੱਲ ਰਹੀ ਹੈ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਸਾਂਝੀਆਂ ਅਧਿਆਪਕ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਲਾਰਾ ਲਾਊ ਪਹੁੰਚ ਅਪਣਾ ਕੇ ਹੀ ਆਪਣਾ ਟਾਈਮ ਪਾਸ ਕਰ ਰਹੀ ਹੈ ,ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਹਰ ਪ੍ਰਕਾਰ ਦੇ ਮੁਲਾਜ਼ਮਾਂ ਉੱਤੇ ਨਿੱਤ ਪ੍ਰਤੀ ਦਿਨ ਤਸ਼ੱਸਦ ਕਰ ਰਹੀ ਹੈ। ਸਾਂਝੇ ਅਧਿਆਪਕ ਮੋਰਚੇ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਧਿਆਪਕਾਂ/ਮੁਲਾਜ਼ਮਾਂ ਦੀ ਤਨਖਾਹਾਂ ਤੇ ਜ਼ਬਾਨੀ ਹੁਕਮਾਂ ਰਾਹੀਂ ਲਗਾਈ ਪਾਬੰਦੀ ਖ਼ਤਮ ਕੀਤੀ ਜਾਵੇ, ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕੀਤੀ ਜਾਵੇ,ਹਰ ਪ੍ਰਕਾਰ ਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸਨਾਂ ਰੱਦ ਕੀਤੀਆਂ ਜਾਣ, ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਅਤੇ ਅਧਿਆਪਕਾਂ ਵਿਰੋਧੀ ਨਿਯਮ ਰੱਦ ਕੀਤੇ ਜਾਣ,ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ,180 ਈ ਟੀ ਟੀ ਅਧਿਆਪਕਾਂ ‘ਤੇ ਪੰਜਾਬ ਸਰਕਾਰ ਦੇ ਸਕੇਲ ਹੀ ਲਾਗੂ ਕੀਤੇ ਜਾਣ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦੀ ਸਿਰਜਣਾ ਕਰਕੇ ਪੋਸਟਾਂ ਪੂਰੇ ਗਰੇਡਾਂ ਵਿੱਚ ਭਰੀਆਂ ਜਾਣ, ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਹਰ ਵਰਗ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ,8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਕੇ ਮੁੱਢਲੀ ਨਿਯੁਕਤੀ ਤੋਂ ਸੀਨੀਆਰਤਾ ਦਾ ਲਾਭ ਦਿੱਤਾ ਜਾਵੇ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਫੂਕੀਆਂ ਜਾ ਰਹੀਆਂ ਹਨ ‌ਤਾਂ ਜੋ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ ਕਿ ਚੋਣਾਂ ਵਿੱਚ ਤੁਸੀਂ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਸਤਾਹ ਵਿੱਚ ਆਏ ਹੋ ਅਤੇ ਕੀਤੇ ਵਾਅਦਿਆਂ ਨੂੰ ਗੰਭੀਰਤਾ ਨਾਲ ਨਿਭਾਇਆ ਜਾਵੇ।ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਪੰਜਾਬ ਯੂ.ਟੀ.ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਦਸ ਸਤੰਬਰ ਦੀ‌ ਸੰਗਰੂਰ ਸੂਬਾਈ ਰੈਲੀ ਵਿੱਚ ਸਮੂਹ ਮੁਲਾਜ਼ਮਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ,ਤਾਰਾ ਸਿੰਘ ਬੀਕਾ, ਬਲਵੀਰ ਸਿੰਘ, ਲਖਵਿੰਦਰ ਸਿੰਘ, ਮੁਕੇਸ਼ ਕੁਮਾਰ, ਰਾਜੇਸ਼ ਕੁਮਾਰ, ਸ਼ਿਵ ਦਾਸ,ਰਾਜ ਕੁਮਾਰ,ਅਜੈ ਕੁਮਾਰ,ਸੁਮਿਤ ਸ਼ਰਮਾ, ਰਵਿੰਦਰ ਸਿੰਘ, ਅਸ਼ੋਕ ਕੁਮਾਰ,ਹਰਜਿੰਦਰ ਲਾਲ,ਅਜੀਤ ਸਿੰਘ,ਰਵੀ ਕੁਮਾਰ ,ਰਾਮ ਰੂਪ,ਮੁਲਖ ਰਾਜ ਅਤੇ ਹੋਰ ਸਾਥੀ ਹਾਜ਼ਰ ਹੋਏ।