ਫ਼ਿਰੋਜ਼ਪੁਰ(ਜਤਿੰਦਰ ਪਿੰਕਲ)- ਪਿੰਡ ਧੰਨਾ ਸ਼ਹੀਦ ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਧੰਨ ਧੰਨ ਬਾਬਾ ਸ਼ਹੀਦ ਟੂਰਨਾਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ 71ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਿਧਾਇਕ ਘਨੌਰ ਗੁਰਲਾਲ ਘਨੌਰ ਅਤੇ ਐਸਡੀਐਮ ਜ਼ੀਰਾ ਵੀ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਬੱਡੀ ਖਿਡਾਰੀਆਂ ਅਤੇ ਪਿੰਡ ਵਾਸੀਆਂ ਅਤੇ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਜੋ ਕਿ ਧੰਨ ਧੰਨ ਬਾਬਾ ਧੰਨਾ ਸ਼ਹੀਦ ਕਮੇਟੀ ਅਤੇ ਗਰਾਮ ਪੰਚਾਇਤ ਵੱਲੋਂ ਇਨ੍ਹਾਂ ਵੱਡਾ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਕਿ ਉਹ ਇਸ ਕਬੱਡੀ ਕੱਪ ਦਾ ਹਿੱਸਾ ਬਣੇ ਹਨ ਉਨ੍ਹਾਂ ਕਿਹਾ ਕਿ ਇਹ ਸਾਰੇ ਖਿਡਾਰੀ ਸਾਡੇ ਪੰਜਾਬ ਦਾ ਸ਼ਿੰਗਾਰ ਹਨ। ਕਬੱਡੀ ਸਾਡੇ ਪੰਜਾਬ ਦੀ ਇੱਕ ਬਹੁਤ ਪੁਰਾਣੀ ਖੇਡ ਹੈ ਅਤੇ ਇਨ੍ਹਾਂ ਖੇਡਾਂ ਕਰਕੇ ਹੀ ਅੱਜ ਪੰਜਾਬ ਨੂੰ ਪੂਰੀ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਦੁਨੀਆਂ ਵਿੱਚ ਭਾਵੇਂ 2 ਫ਼ੀਸਦੀ ਹਾਂ ਪਰ ਫੇਰ ਵੀ ਸਾਡੇ ਸੱਭਿਆਚਾਰ, ਸਾਡੇ ਇਤਿਹਾਸ ਸਾਡੀ ਵਿਰਾਸਤ ਕਰਕੇ ਪੰਜਾਬੀਆਂ ਨੂੰ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਤੇ ਸਾਡੇ ਨੌਜਵਾਨਾਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਪੰਜਾਬੀਅਤ ਨੂੰ ਸੰਭਾਲ ਕੇ ਰੱਖੀਏ ਅਤੇ ਨਸ਼ਿਆਂ ਤੋਂ ਦੂਰ ਰਹੀਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੈ ਤੇ ਇਨ੍ਹਾਂ ਖਿਡਾਰੀਆਂ ਵੱਲ ਵੇਖੇ ਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੁੜੇ।
ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਪੰਜਾਬੀ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਜਦਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਥੇ ਰਹਿ ਕੇ ਹੀ ਆਪਣੇ ਵਿਰਾਸਤ, ਸੱਭਿਆਚਾਰ ਨੂੰ ਸੰਭਾਲ ਕੇ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਈਏ। ਉਨ੍ਹਾਂ ਕਿਹਾ ਕਿ ਪੰਜਾਬੀ ਇਕ ਐਹੋ ਜਿਹੀ ਕੌਮ ਹੈ ਜੋ ਹਮੇਸ਼ਾਂ ਹੀ ਜ਼ੁਲਮ ਅੱਗੇ ਡਟ ਕੇ ਖਡ਼੍ਹੇ ਹਨ ਅਤੇ ਹਮੇਸ਼ਾ ਹਰ ਇੱਕ ਦੀ ਭਲਾਈ ਲਈ ਕੰਮ ਕੀਤਾ ਹੈ। ਇਸ ਲਈ ਹੁਣ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਦੇ ਸਿਸਟਮ ਨੂੰ ਬਦਲ ਕੇ ਇਕ ਵਾਰੀ ਫਿਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰਨ ਵਿਚ ਸਹਿਯੋਗ ਦੇਈਏ। ਇਸ ਦੌਰਾਨ ਉਨ੍ਹਾਂ ਕਬੱਡੀ ਕੱਪ ਕਰਵਾਉਣ ਵਾਲੀ ਕਮੇਟੀ ਨੂੰ 1.5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਇੱਕ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਕੇ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰੱਖ ਸਕਣ।
ਅੱਜ ਦੇ ਇਸ ਕਬੱਡੀ ਟੂਰਨਾਮੈਂਟ ਵਿੱਚ ਵੱਖ ਵੱਖ 32 ਟੀਮਾਂ ਨੇ ਭਾਗ ਲਿਆ ਹੈ। ਜਿਸ ਵਿੱਚ ਪਹਿਲੀ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਅਤੇ ਦੂਜੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ 62 ਕਿੱਲੋ ਵਰਗ ਕਬੱਡੀ ਮੈਚ ਵਿੱਚੋਂ ਪਹਿਲੀ ਜੇਤੂ ਟੀਮ ਨੂੰ 15 ਹਜ਼ਾਰ ਤੇ ਦੂਜੀ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਦਿੱਤਾ ਗਿਆ।
ਇਸ ਮੌਕੇ ਧੰਨ ਧੰਨ ਬਾਬਾ ਸ਼ਹੀਦ ਕਬੱਡੀ ਟੂਰਨਾਮੈਂਟ ਦੇ ਪ੍ਰਧਾਨ ਇਕਬਾਲ ਸਿੰਘ, ਪਿੰਡ ਦੇ ਸਰਪੰਚ ਬਿੱਕਰ ਸਿੰਘ, ਮੈਂਬਰ ਮੋਹਨ ਸਿੰਘ, ਮਨਜੀਤ ਸਿੰਘ, ਹਰਜੀਤ ਖੋਸਾ, ਲਖਵੀਰ ਖੋਸਾ, ਰਘਵੀਰ ਸਿੰਘ, ਮਨਵਿੰਦਰ ਸਿੰਘ ਬੰਟੀ, ਵਿੱਕੀ ਖੋਸਾ, ਸਾਹਿਬ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।