ਜਲੰਧਰ : ਕਾਲਾ ਸੰਘਿਆ ਰੋਡ ‘ਤੇ ਸ਼ਨੀਵਾਰ ਰਾਤ 11.45 ਮਿੰਟ ‘ਤੇ ਘਰਾਂ ਵਿਚ ਸੌਂ ਰਹੇ ਲੋਕ ਉਸ ਸਮੇਂ ਇਕਦਮ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਚੀਕਾਂ ਸੁਣੀਆਂ। ਘਰਾਂ ਤੋਂ ਬਾਹਰ ਨਿਕਲਣ ‘ਤੇ ਲੋਕਾਂ ਨੂੰ ਦਿਲ ਦਹਿਲਾਉਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ। ਗਲੀ ਵਿਚ ਰਹਿਣ ਵਾਲਾ ਰਾਜੇਸ਼ ਕੁਮਾਰ ਉਰਫ਼ ਰਾਜੂ ਅੱਗ ਦਾ ਗੋਲ਼ਾ ਬਣ ਕੇ ਇੱਧਰ-ਓਧਰ ਦੌੜ ਰਿਹਾ ਸੀ ਅਤੇ ਚੀਕਾਂ ਮਾਰ ਰਿਹਾ ਸੀ।

    ਲੋਕਾਂ ਨੇ ਜਲਦੀ-ਜਲਦੀ ਉਸ ’ਤੇ ਪਾਣੀ ਪਾ ਕੇ ਅੱਗ ਬੁਝਾਈ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਨੇ ਬਿਆਨ ਦਿੱਤੇ ਕਿ ਉਸ ਦੇ ਭਰਾ ਕੇਦਾਰ ਨਾਥ, ਕੇਦਾਰ ਦੀ ਪਤਨੀ ਸੰਧਿਆ ਅਤੇ ਦੂਜੇ ਭਰਾ ਨਰਿੰਦਰ ਨੇ ਉਸਨੂੰ ਪੈਟਰੋਲ ਪਾ ਕੇ ਸਾੜਿਆ ਹੈ।

    ਐਤਵਾਰ ਸਵੇਰ ਲਗਪਗ 10 ਵਜੇ ਉਸਨੇ ਦਮ ਤੋੜ ਦਿੱਤਾ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਸ ਨੇ ਮ੍ਰਿਤਕ ਰਾਜੂ ਦੀ ਮਾਤਾ ਰਾਜ ਰਾਣੀ ਦੇ ਬਿਆਨਾਂ ‘ਤੇ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

    ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ। ਟੈਗੋਰ ਐਵੇਨਿਊ ਵਿਚ ਘਟੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਫੁਟੇਜ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ।ਰਾਜੂ ਦੇ ਵਿਆਹ ਨੂੰ ਸੱਤ ਸਾਲ ਹੋ ਚੁੱਕੇ ਸਨ ਅਤੇ ਉਸ ਦੇ ਇਕ ਚਾਰ ਸਾਲ ਦਾ ਬੱਚਾ ਵੀ ਹੈ।

    ਤਿੰਨ ਸਾਲ ਤੋਂ ਉਸ ਦਾ ਪਤਨੀ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨਾਲ ਚੱਲ ਰਹੇ ਕੇਸ ਨੂੰ ਲੈ ਕੇ ਰਾਜੂ ਡਿਪਰੈਸ਼ਨ ਵਿਚ ਸੀ। ਇਸ ਤੋਂ ਇਲਾਵਾ ਪਰਿਵਾਰ ਵਿਚ ਜਾਇਦਾਦ ਸਬੰਧੀ ਵਿਵਾਦ ਵੀ ਚੱਲ ਰਿਹਾ ਸੀ, ਜਿਸ ਕਾਰਨ ਵੀ ਘਰ ‘ਚ ਕਲੇਸ਼ ਰਹਿੰਦਾ ਸੀ।