ਨਵੀਂ ਦਿੱਲੀ (ਬਿਉਰੋ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਦਿੱਲੀ ਕਮੇਟੀ ਮੈਂਬਰਾਂ ਦਾ ਇਕ ਵਫ਼ਦ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਵਿਖੇ ਪੁੱਜੇ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਢੀਂਡਸਾ ਦੀ ਲੰਮੀ ਉਮਰ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ। ਵਫ਼ਦ ’ਚ ਐਜ਼ੂਕੇਸ਼ਨ ਸੈਲ ਦੇ ਚੇਅਰਮੈਨ ਵਿਕਰਸ ਸਿੰਘ ਰੋਹਿਣੀ,ਹਰਜੀਤ ਸਿੰਘ ਪੱਪਾ, ਸੁਖਬੀਰ ਸਿੰਘ ਕਾਲੜਾ,ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਜਸਪ੍ਰੀਤ ਸਿੰਘ ਜੱਸਾ,ਗੁਰਦੇਵ ਸਿੰਘ, ਸਪੋਰਟਸ ਸਬ-ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ ਆਦਿ ਸ਼ਾਮਿਲ ਸਨ । ਇਸ ਮੌਕੇ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਸਾਬਕਾ ਮੈਂਬਰ ਤਨਵੰਤ ਸਿੰਘ ਵੀ ਮੌਜ਼ੂਦ ਰਹੇ।
ਦਿੱਲੀ ਕਮੇਟੀ ਪ੍ਰਧਾਨ ਕਾਲਕਾ ਅਤੇ ਜਨਰਲ ਸਕੱਤਰ ਕਾਹਲੋਂ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਢੀਂਡਸਾ ਵੱਲੋਂ ਦਿੱਲੀ ਦੀ ਸਿੱਖ ਸਿਆਸਤ ਅਤੇ ਪੰਜਾਬ ’ਚ ਧਰਮ ਜਾਗਰੂਕਤਾ ਲਹਿਰ ਸੰਬੰਧੀ ਕਈ ਮਸਲਿਆਂ ’ਤੇ ਵਿਚਾਰਾਂ ਵੀ ਕੀਤੀ ਗਈਆਂ। ਇਸ ਮੌਕੇ ਢੀਂਡਸਾ ਵੱਲੋਂ ਪੰਜਾਬ ’ਚ ਧਰਮ ਬਦਲੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਦੇ ਟੀਚੇ ਨਾਲ ਚਲਾਈ ਗਈ ‘ਧਰਮ ਜਾਗਰੂਕਤਾ ਲਹਿਰ’ ਦੇ ਸੁਖਾਵੇਂ ਸਿੱਟੇ ਮਿਲਣ ’ਤੇ ਕਾਲਕਾ ਅਤੇ ਕਾਹਲੋਂ ਨੂੰ ਵਧਾਈ ਦਾ ਪਾਤਰ ਦੱਸਿਆ ਅਤੇ ਕੁਝ ਸੁਝਾਅ ਵੀ ਦਿੱਤੇ ਗਏ । ਦੱਸਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਉਹ ਹਸਪਤਾਲ ’ਚ ਜੇਰੇ ਇਲਾਜ ਸਨ।