
Skip to content

ਨਵੀਂ ਦਿੱਲੀ(ਅਮਿਤ ਨਖਵਾਲ): ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵਿਵਾਦਿਤ ਪੋਸਟ ਸਾਂਝੀ ਕਰਦਿਆਂ ਨਵੀਂ ਪੀੜ੍ਹੀ ਦੀਆਂ ਕੁਝ ਭਾਰਤੀ ਔਰਤਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਕੰਗਣਾ ਨੇ ਲਿਖਿਆ ਕਿ ਕੁਝ ਨੌਜਵਾਨ ਔਰਤਾਂ ਆਜ਼ਾਦੀ ਦੇ ਅਸਲ ਮਤਲਬ ਨੂੰ ਸਮਝਣ ਦੀ ਬਜਾਏ ਨਸ਼ਾ, ਸ਼ਰਾਬ ਅਤੇ ਬੇਜ਼ਿੰਮੇਵਾਰ ਜੀਵਨਸ਼ੈਲੀ ਨੂੰ ਹੀ ਆਜ਼ਾਦੀ ਸਮਝ ਰਹੀਆਂ ਹਨ।
ਕੰਗਣਾ ਨੇ ਕਿਹਾ ਕਿ ਅਸਲ ਆਜ਼ਾਦ ਔਰਤ ਉਹ ਹੁੰਦੀ ਹੈ ਜੋ ਆਪਣੇ ਫ਼ੈਸਲੇ ਖੁਦ ਲੈਂਦੀ ਹੈ, ਆਪਣੇ ਕਰੀਅਰ ਨੂੰ ਆਪਣੀ ਮਿਹਨਤ ਨਾਲ ਬਣਾਉਂਦੀ ਹੈ ਅਤੇ ਆਪਣੇ ਹਰ ਫ਼ੈਸਲੇ ਦੀ ਜ਼ਿੰਮੇਵਾਰੀ ਵੀ ਖੁਦ ਨਿਭਾਉਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹੀਆਂ ਔਰਤਾਂ ਆਪਣੀ ਜ਼ਿੰਦਗੀ ਦੀ ਕੀਮਤ ਖੁਦ ਚੁਕਾਉਂਦੀਆਂ ਹਨ, ਨਾ ਕਿ ਆਪਣੇ ਪਰਿਵਾਰ ‘ਤੇ ਨਿਰਭਰ ਰਹਿੰਦੀਆਂ ਹਨ।
ਆਪਣੀ ਪੋਸਟ ਵਿੱਚ ਕੰਗਣਾ ਨੇ ਕਥਿਤ ਪੱਛਮੀ ਸੋਚ ਤੋਂ ਪ੍ਰਭਾਵਿਤ ਕੁਝ ਭਾਰਤੀ ਔਰਤਾਂ ਨੂੰ “ਗਟਰ ਜਨਰੇਸ਼ਨ” ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਸਮਾਜ ਨੂੰ ਦੇਣ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਜਿਹੀਆਂ ਕੁਝ ਔਰਤਾਂ ਪੜ੍ਹਾਈ ਜਾਂ ਕਰੀਅਰ ਵਿੱਚ ਅੱਗੇ ਨਹੀਂ ਹੁੰਦੀਆਂ, ਪਰ ਫਿਰ ਵੀ ਨਸ਼ਾ, ਸ਼ਰਾਬ ਅਤੇ ਕਈ ਜਿਨਸੀ ਸਬੰਧਾਂ ਨੂੰ ਆਪਣੀ ਆਜ਼ਾਦੀ ਦਾ ਪ੍ਰਤੀਕ ਦੱਸਦੀਆਂ ਹਨ।
ਕੰਗਣਾ ਨੇ ਇਹ ਵੀ ਲਿਖਿਆ ਕਿ ਆਜ਼ਾਦੀ ਸਿਰਫ਼ ਦਾਅਵਾ ਕਰਨ ਨਾਲ ਨਹੀਂ ਮਿਲਦੀ, ਸਗੋਂ ਉਸ ਨੂੰ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਹਾਸਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਿਨਾਂ ਜ਼ਿੰਮੇਵਾਰੀ ਨਿਭਾਏ ਆਜ਼ਾਦੀ ਦਾ ਦਿਖਾਵਾ ਕਰਦਾ ਹੈ ਤਾਂ ਉਹ ਅਸਲ ਮਾਇਨੇ ਵਿੱਚ ਆਤਮਨਿਰਭਰ ਨਹੀਂ ਹੁੰਦਾ।
ਕੰਗਣਾ ਰਣੌਤ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕ ਉਨ੍ਹਾਂ ਦੇ ਬਿਆਨ ਦਾ ਸਮਰਥਨ ਕਰ ਰਹੇ ਹਨ, ਜਦਕਿ ਕਈ ਇਸ ਨੂੰ ਔਰਤਾਂ ਪ੍ਰਤੀ ਅਪਮਾਨਜਨਕ ਅਤੇ ਵਿਵਾਦਿਤ ਕਰਾਰ ਦੇ ਰਹੇ ਹਨ।
ਰਿਪੋਰਟ: ਅਮਿਤ ਨਖਵਾਲ
Related