ਕੇਜਰੀਵਾਲ ਨੇ ਪ੍ਰੋ. ਭੁੱਲਰ ਦੀ ਰਿਹਾਈ ਦੀ ਤੁਰੰਤ ਪ੍ਰਵਾਨਗੀ ਨਾ ਦਿੱਤੀ ਤਾਂ ਉਸਦੀ ਰਿਹਾਇਸ਼ ਦਾ ਘਿਰਾਓ ਕਰਾਂਗੇ : ਹਰਮੀਤ ਸਿੰਘ ਕਾਲਕਾ

    ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਕੇਜਰੀਵਾਲ ਸਾਰੇ ਪੰਜਾਬੀਆਂ ਦੀ ਮੰਗ ਪੂਰੀ ਕਰਨ : ਜਗਦੀਪ ਸਿੰਘ ਕਾਹਲੋਂ

    ਨਵੀਂ ਦਿੱਲੀ, 1 ਫਰਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਜੇਕਰ ਕੇਜਰੀਵਾਲ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਤੁਰੰਤ ਹੁਕਮ ਨਾ ਦਿੱਤੇ ਤਾਂ  ਦਿੱਲੀ ਕਮੇਟੀ ਵੱਲੋਂ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
    ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਹ ਚੇਤਾਵਨੀ ਦਿੱਤੀ। ਉਹਨਾਂ ਦੇ ਨਾਲ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
    ਸਰਦਾਰ ਕਾਲਕਾ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ  ਸ੍ਰੀ ਅਰਵਿੰਦ  ਕੇਜਰੀਵਾਲ ਦੇ ਆਪਣੇ ਗ੍ਰਹਿ ਮੰਤਰੀ ਸ੍ਰੀ ਸਤੇਂਦਰ ਜੈਨ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਕੇਸ ਰੱਦ ਕਰ ਦਿੱਤਾ ਹੈ ਜਦੋਂ ਕਿ ਸ੍ਰੀ ਕੇਜਰੀਵਾਲ ਇਹ ਆਖ ਰਹੇ ਹਨ ਕਿ ਉਹਨਾਂ ਦਾ ਰਿਹਾਈ ਦੀ ਪ੍ਰਕਿਰਿਆ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਨਾ ਹੀ ਉਹਨਾਂ ਨੁੰ ਇਸਦੀ ਕੋਈ ਜਾਣਕਾਰੀ ਹੈ। ਮੀਡੀਆ ਨੂੰ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਦੀ ਕਾਰਵਾਈ ਦੇ ਵੇਰਵੇ ਜਾਰੀ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਇਸ ਬੋਰਡ ਵਿਚ 7 ਵਿਚੋਂ 5 ਮੈਂਬਰ ਸ੍ਰੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨਾਲ ਸਿੱਧੇ ਤੌਰ ‘ਤੇ ਸੰਬੰਧਤ ਹਨ ਤੇ ਹਾਲੇ ਵੀ ਸ੍ਰੀ ਕੇਜਰੀਵਾਲ ਝੂਠ ਬੋਲ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਤੁਰੰਤ ਪ੍ਰੋ. ਭੁੱਲਰ ਦੀ ਰਿਹਾਈ ਦੇ ਹੁਕਮ ਨਾ ਦਿੱਤੇ ਤਾਂ ਅਸੀਂ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ। ਸ੍ਰੀ ਕਾਲਕਾ ਨੇ ਸ੍ਰੀ ਕੇਜਰੀਵਾਲ ਨੂੰ ਭਾਈ ਇਕਬਾਲ ਸਿੰਘ ਫਰਾਂਸ ਵਾਲਿਆਂ ਨਾਲ ਕੀਤਾ ਵਾਅਦਾ ਵੀ ਚੇਤੇ ਕਰਵਾਇਆ ਜਦੋਂ ਉਹਨਾਂ ਕਿਹਾ ਸੀ ਕਿ ਪ੍ਰੋ. ਭੁੱਲਰ ਦੀ ਰਿਹਾਈ ਜਲਦੀ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ‘ਤੇ ਸ੍ਰੀ ਕੇਜਰੀਵਾਲ ਨੁੰ ਚਿੱਠੀ ਵੀ ਲਿਖੀ ਹੈ ਤੇ ਮਿਲਣ ਦਾ ਸਮਾਂ ਵੀ ਮੰਗਿਆ ਹੈ ਪਰ ਸ੍ਰੀ ਕੇਜਰੀਵਾਲ ਮਿਲਣ ਦਾ ਸਮਾਂ ਨਹੀਂ ਦੇ ਰਹੇ ਤੇ ਜੇਕਰ ਉਹਨਾਂ ਦਾ ਰਵੱਈਆ ਇਹੀ ਰਿਹਾ ਤਾਂ ਅਸੀਂ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ।
    ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਿਸ ਦਿਨ ਤੋਂ ਸ੍ਰੀ ਕੇਜਰੀਵਾਲ ਮੁੱਖ ਮੰਤਰੀ ਬਣੇ ਹਨ, ਉਸ ਦਿਨ ਤੋਂ ਸਿੱਖਾਂ ਦੀਆਂ ਮੰਗਾਂ ਨੁੰ ਅਣਡਿੱਠ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪ੍ਰੋ. ਭੁੱਲਰ ਨੁੰ ਜੇਲ ਵਿਚ ਕੈਦ ਹੋਏ ਨੁੰ 29 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੋ ਬਹੁਤ ਵੱਡੀ ਧੱਕੇਸ਼ਾਹੀ  ਹੈ। ਉਹਨਾਂ ਨੇ ਸ੍ਰੀ ਕੇਜਰੀਵਾਲ ਨੁੰ ਆਖਿਆ ਕਿ ਉਹ ਚੋਣਾਂ ਵਾਲੇ ਰਾਜ ਪੰਜਾਬ ਵਿਚ ਚੱਕਰ ਲਗਾ ਰਹੇ ਹਨ ਪਰ ਪੰਜਾਬੀਆਂ ਦੀ ਸਾਂਝੀ ਮੰਗ ਨੁੰ ਅਣਡਿੱਠ ਕਰ ਰਹੇ ਹਨ ਤੇ ਉਹਨਾਂ ਨੁੰ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਸਵੀਕਾਰ ਕਰ  ਕੇ ਉਹਨਾਂ ਨੁੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।