ਖੇਤਾਂ ’ਚ ਪਾਣੀ ਲਾਉਣ ਗਏ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ ’ਚ ਦਹਿਸ਼ਤ

ਬਨੂੜ: ਥਾਣਾ ਬਨੂੜ ਅਧੀਨ ਪੈਂਦੇ ਪਿੰਡ ਅਜ਼ੀਜ਼ਪੁਰ ਵਿੱਚ ਬੀਤੀ ਰਾਤ ਇੱਕ ਸਨਸਨੀਖੇਜ਼ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ 55 ਸਾਲਾ ਰਾਮ ਰਤਨ ਪੁੱਤਰ ਗੱਜੂ ਰਾਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਰਾਮ ਰਤਨ ਬੀਤੀ ਰਾਤ ਆਪਣੇ ਖੇਤਾਂ ਵਿੱਚ ਫ਼ਸਲ ਨੂੰ ਪਾਣੀ ਲਾਉਣ ਲਈ ਗਿਆ ਹੋਇਆ ਸੀ। ਜਦੋਂ ਉਹ ਦੇਰ ਰਾਤ ਤੱਕ ਅਤੇ ਸਵੇਰ ਹੋਣ ਤੱਕ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਲਈ ਖੇਤਾਂ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੂੰ ਰਾਮ ਰਤਨ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਮਿਲੀ, ਜਿਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਬਨੂੜ ਸੁਖਦੇਵ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ਦੀ ਜਾਂਚ ਕੀਤੀ, ਜਦਕਿ ਫੋਰੈਂਸਿਕ ਟੀਮਾਂ ਨੇ ਵੀ ਘਟਨਾ ਸਥਾਨ ਤੋਂ ਸਬੂਤ ਅਤੇ ਨਮੂਨੇ ਇਕੱਠੇ ਕੀਤੇ।

ਐੱਸਐੱਚਓ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਰਾਮ ਰਤਨ ਦੀ ਪਤਨੀ ਅਤੇ ਬੇਟੀ ਦੀ ਕੁਝ ਸਾਲ ਪਹਿਲਾ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਇੱਕ ਪੁੱਤਰ ਨੂੰ ਗੋਦ ਲਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਕਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਵੱਲੋਂ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।