ਫਰੀਦਕੋਟ(ਵਿਪਨ ਕੁਮਾਰ ਮਿਤੱਲ):-ਭਾਰਤ ਦੇ ਸਾਬਕਾ ਰਾਸ਼ਟਰਪਤੀ ਅਜਾਦੀ ਘੁਲਾਟੀਏ ਸਵ ਗਿਆਨੀ ਜ਼ੈਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸ਼ਰਧਾਂਜਲੀ ਪ੍ਰੋਗਰਾਮ ਬੱਸ ਸਟੈਂਡ ਵਿਖੇ ਆਯੋਜਿਤ ਕੀਤਾ ਵਿਨੋਦ ਕੁਮਾਰ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ।ਹਾਜਰ ਵਿਅਕਤੀਆਂ ਨੇ ਸਵ ਗਿਆਨੀ ਜ਼ੈਲ ਸਿੰਘ ਜੀ ਦੀ ਫੋਟੋ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਗਿਆਨੀ ਜ਼ੈਲ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਦੇਸ਼ ਦੀ ਅਜਾਦੀ ਦੀ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਿਆਨੀ ਜ਼ੈਲ ਸਿੰਘ ਜੀ ਦਾ ਜਨਮ 5 ਮਈ 1916 ਨੂੰ ਫਰੀਦਕੋਟ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸੰਧਵਾਂ ਵਿਖੇ ਸ ਕਿਸ਼ਨ ਸਿੰਘ ਦੇ ਘਰ ਹੋਇਆ ਇੱਕ ਕੱਚੀਆਂ ਇੱਟਾਂ ਦੇ ਘਰ ਵਿੱਚ ਜਨਮ ਲੈ ਕੇ ਰਾਸ਼ਟਰਪਤੀ ਭਵਨ ਤੱਕ ਪਹੁੰਚਣ ਕਹਾਣੀ ਪਿੱਛੇ ਬਲੀਦਾਨ,ਤਿਆਗ,ਗਰੀਬ ਅਤੇ ਪੱਛੜੇ ਵਰਗ ਦੀ ਸੇਵਾ ਦੀ ਭਾਵਨਾ ਲੁਕੀ ਹੋਈ ਹੈ।ਜੈਤੋ ਦੇ ਮੋਰਚੇ ਨੇ ਗਿਆਨੀ ਜੀ ਨੂੰ ਬਹੁਤ ਪ੍ਰਭਾਵਤ ਕੀਤਾ ਗਿਆਨੀ ਜੀ ਨੇ 17ਸਾਲ ਦੀ ਉਮਰ ਵਿੱਚ ਰਾਜਨੀਤੀ ਵਿੱਚ ਐਂਟਰੀ ਮਾਰ ਦਿੱਤੀ।ਦੇਸ਼ ਦੀ ਅਜਾਦੀ ਲਈ ਚੱਲ ਰਹੇ ਸੁਤੰਤਰਤਾ ਸੰਗਰਾਮ ਵਿੱਚ ਮੋਹਰੀ ਹੋ ਕੇ ਕੰਮ ਕੀਤਾ,ਅਜਾਦੀ ਦੀ ਲੜਾਈ ਦੌਰਾਨ ਇਹਨਾ ਨੂੰ 5ਸਾਲ ਦੀ ਸਜ਼ਾ ਹੋ ਗਈ।20ਜਨਵਰੀ 1949ਨੂੰ ਪੈਪਸੂ ਸਰਕਾਰ ਵਿੱਚ ਗਿਆਨੀ ਜ਼ੈਲ ਸਿੰਘ ਮਾਲ ਮੰਤਰੀ ਬਣੇ,1956ਤੋਂ58ਤੱਕ ਕਾਂਗਰਸ ਪਾਰਟੀ ਦੇ ਪੰਜਾਬ ਦੇ ਮੀਤ ਪ੍ਰਧਾਨ ਬਣੇ,1956ਤੋਂ1962ਤੱਕ ਰਾਜ ਸਭਾ ਦੇ ਮੈਂਬਰ ਰਹੇ 1966ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਅਨੰਦ ਪੁਰ ਸਾਹਿਬ ਤੋਂ ਐਮ ਐਲ ਏ ਜਿੱਤ ਕੇ 1972ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 5ਸਾਲ ਮੁੱਖ ਮੰਤਰੀ ਰਹੇ। ਏਸੇ ਦੌਰਾਨ ਗਿਆਨੀ ਜ਼ੈਲ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ ਇਹਨਾ ਦੇ ਨੇੜਲੇ ਸਾਥੀਆਂ,ਜਥੇਦਾਰ ਉਜਾਗਰ ਸਿੰਘ,ਦਲਜੀਤ ਸਿੰਘ ਪਰਵਾਨਾ ਸਮੇਤ ਫ਼ਤਹਿਗੜ੍ਹ ਸਾਹਿਬ ਵਿਖੇ ਤਮਰ ਪੱਤਰ ਨਾਲ ਸਨਮਾਨਤ ਕੀਤਾ ਗਿਆ।ਮੁੱਖ ਮੰਤਰੀ ਹੁੰਦੇ ਹੋਏ ਅਨੇਕਾਂ ਵਿਕਾਸ ਦੇ ਕੰਮ ਕੀਤੇ ਭਾਂਵੇ ਸੜਕਾਂ ਦਾ ਨਿਰਮਾਣ ਭਾਂਵੇ ਸਿੱਖਿਆ, ਪੰਜਾਬ ਵਿੱਚ ਅਨੰਦ ਪੁਰ ਸਾਹਿਬ ਤੋਂ ਤਲਵੰਡੀ ਸਾਬੋ ਦਾ ਤੱਕ 640 ਕਿਲੋਮੀਟਰ ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜੀ ਦੀ ਦੇਣ ਹੈ।ਫਰੀਦਕੋਟ ਨੂੰ ਜ਼ਿਲੇ ਦਾ ਦਰਜਾ ਦੇਣਾ ,ਫਰੀਦਕੋਟ ਵਿਖੇ ਗੁਰੂ ਗੋਬਿੰਦ ਸਾਹਿਬ ਮੈਡੀਕਲ ਕਾਲਜ ਬਣਾਉਣਾ ਗਿਆਨੀ ਜੀ ਦੀ ਦੇਣ ਹੈ।ਸ਼੍ਰੀ ਅਰੋੜਾ ਨੇ ਦੱਸਿਆ ਕਿ ਗਿਆਨੀ ਜੀ ਦੀ ਸੇਵਾ ਨੇ ਗਿਆਨੀ ਜੀ ਨੂੰ 14 ਜਨਵਰੀ 1980 ਨੂੰ ਭਾਰਤ ਸਰਕਾਰ ਵਿੱਚ ਗ੍ਰਹਿ ਮੰਤਰੀ ਬਣਾਇਆ ਅਤੇ 25ਜੁਲਾਈ 1982 ਨੂੰ ਗਿਆਨੀ ਜ਼ੈਲ ਸਿੰਘ ਜੀ ਭਾਰਤ ਦੇ ਸੱਤਵੇਂ ਰਾਸ਼ਟਰਪਤੀ ਬਣੇ ਅਤੇ 5 ਸਾਲ ਇਸ ਅਹੁਦੇ ਤੇ ਰਹੇ।ਇੱਕ ਸੜਕ ਹਾਦਸੇ ਕਾਰਨ ਲੰਬਾ ਸਮਾਂ ਬੇਹੋਸ਼ੀ ਦੀ ਹਾਲਤ ਵਿੱਚ ਰਹਿਣ ਉਪਰੰਤ ਅੱਜ ਦੇ ਦਿਨ 25 ਦਸੰਬਰ 1994 ਨੂੰ ਇਹਨਾ ਦਾ ਦਿਹਾਂਤ ਹੋ ਗਿਆ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਗਿਆਨੀ ਜੀ ਹਮੇਸ਼ਾਂ ਗੁਲਾਬ ਦਾ ਫੁੱਲ ਆਪਣੇ ਕੋਟ ਤੇ ਲਗਾ ਕੇ ਰੱਖਦੇ ਸੀ ਇਸ ਕਰਕੇ ਉਹਨਾ ਦੀ ਯਾਦ ਵਿੱਚ ਬੱਸ ਸਟੈਂਡ ਤੇ ਸੁਸਾਇਟੀ ਵੱਲੋਂ ਬਣਾਏ ਗਏ ਪਾਰਕ ਵਿੱਚ ਸੁਸਾਇਟੀ ਵੱਲੋਂ ਅੱਜ ਗੁਲਾਬ ਦੇ ਬੂਟੇ ਵੀ ਲਗਾਏ ਗਏ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਰੇਸ਼ ਅਰੋੜਾ,ਵਿਨੋਦ ਕੁਮਾਰ,ਰਜਵੰਤ ਸਿੰਘ,ਸਿਕੰਦਰ ਸਿੰਘ,ਰਾਜੇਸ਼ ਸੁਖੀਜਾ,ਸਤਨਾਮ ਸਿੰਘ ਬਤਰਾ, ਜੀਤ ਸਿੰਘ ਸਿੱਧੂ, ਨਿੰਦਰ ਸਿੰਘ ਖੋਸਾ,ਪਰਮਿੰਦਰ ਸਿੰਘ,ਪ੍ਰੀਆ,ਕੁਲਬੀਰ ਸਿੰਘ, ਗਿਆਨ ਸਿੰਘ ਬਰਗਾੜੀ ਅਤੇ ਲਛਮਣ ਸਿੰਘ ਹਾਜਰ ਸਨ।