
Skip to content

ਚੰਡੀਗੜ੍ਹ (ਅਮਿਤ ਨਖਵਾਲ): ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਕੇਐਸ ਮੱਖਣ ਨੇ ਆਪਣੇ ਨਾਮ ਹੇਠ ਚੱਲ ਰਹੇ ਨਕਲੀ ਸੋਸ਼ਲ ਮੀਡੀਆ ਪੇਜਾਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਕਿ ਕੁਝ ਲੋਕ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਜਲਦ ਹੀ ਅਜਿਹੇ ਪੇਜਾਂ ਖ਼ਿਲਾਫ਼ ਕਾਨੂੰਨੀ ਕਾਰਵਾਈ
ਕੀਤੀ ਜਾਵੇਗੀ।
43 ਸਕਿੰਟ ਦੇ ਵੀਡੀਓ ਸੰਦੇਸ਼ ਵਿੱਚ ਕੇਐਸ ਮੱਖਣ ਨੇ ਦੱਸਿਆ ਕਿ ਫੇਸਬੁੱਕ ‘ਤੇ ਉਨ੍ਹਾਂ ਦੇ ਨਾਮ ਨਾਲ ਕਈ ਜਾਅਲੀ ਪੇਜ ਚੱਲ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਕੱਲਾ ਅਧਿਕਾਰਤ ਫੇਸਬੁੱਕ ਪੇਜ ‘KS Makkhan Official’ ਹੈ, ਜਿਸ ‘ਤੇ ਬਲੂ ਟਿੱਕ ਹੈ ਅਤੇ ਉਹੀ ਪ੍ਰਮਾਣਿਤ ਖਾਤਾ ਹੈ।
ਮੱਖਣ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ਚੱਲ ਰਹੇ ਜਾਅਲੀ ਪੇਜਾਂ ‘ਤੇ ਜੇਕਰ ਕੋਈ ਵਿਵਾਦਿਤ ਪੋਸਟ, ਅਪਮਾਨਜਨਕ ਟਿੱਪਣੀ ਜਾਂ ਬਹਿਸ ਕੀਤੀ ਜਾਂਦੀ ਹੈ ਤਾਂ ਉਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਿਰਫ਼ ਅਧਿਕਾਰਤ ਅਤੇ ਪ੍ਰਮਾਣਿਤ ਪੇਜ ਨੂੰ ਹੀ ਫਾਲੋ ਕਰਨ ਦੀ ਅਪੀਲ ਕੀਤੀ ਅਤੇ ਸੱਚ ਤੇ ਝੂਠ ਵਿੱਚ ਫਰਕ ਸਮਝਣ ਲਈ ਕਿਹਾ।
ਇਸ ਦੌਰਾਨ ਕੇਐਸ ਮੱਖਣ ਨੇ ਆਪਣੇ ਜੱਦੀ ਪਿੰਡ ਸ਼ੰਕਰ ਵਿੱਚ ਆਪਣੀ ਫਿਲਮ ‘ਸਤਲੁਜ’ ਦੀ ਵਿਸ਼ੇਸ਼ ਸਕ੍ਰੀਨਿੰਗ ਹੋਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਹੀ ਜਾਣਕਾਰੀ ਸਾਂਝੀ ਕਰਨਗੇ।
Related