Skip to content
ਤੂਫ਼ਾਨਾਂ ਤੋਂ ਪਹਿਲਾਂ ਖਤਰਨਾਕ ਦਰੱਖਤਾਂ ਦਾ ਸਰਵੇ ਕਰਵਾਏ ਸਰਕਾਰ, ਕੀਮਤੀ ਜਾਨਾਂ ਬਚਾਉਣ ਲਈ ਲੱਖਾ ਸਿੰਘ ਦੀ ਅਪੀਲ
ਜਲੰਧਰ: ਪੰਜਾਬ ਵਿੱਚ ਗਰਮੀਆਂ ਦੌਰਾਨ ਆਉਣ ਵਾਲੀਆਂ ਤੇਜ਼ ਹਨੇਰੀਆਂ ਅਤੇ ਤੂਫ਼ਾਨਾਂ ਦੇ ਮੱਦੇਨਜ਼ਰ ਸੜਕਾਂ ਕਿਨਾਰੇ ਖੜ੍ਹੇ ਪੁਰਾਣੇ ਅਤੇ ਸੁੱਕੇ ਦਰੱਖਤ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਰਹੇ ਹਨ। ਇਸ ਗੰਭੀਰ ਮੁੱਦੇ ਨੂੰ ਉਠਾਉਂਦਿਆਂ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੈਂਬਰ ਲੱਖਾ ਸਿੰਘ ਨੇ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਲੱਖਾ ਸਿੰਘ ਨੇ ਕਿਹਾ ਕਿ ਸੂਬੇ ਦੀਆਂ ਮੁੱਖ ਸੜਕਾਂ, ਲਿੰਕ ਸੜਕਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਲੱਗੇ ਪੁਰਾਣੇ, ਖੋਖਲੇ ਅਤੇ ਸੁੱਕ ਚੁੱਕੇ ਦਰੱਖਤਾਂ ਦੀ ਪਛਾਣ ਲਈ ਵਿਸ਼ੇਸ਼ ਸਰਵੇ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦਰੱਖਤ ਜਾਂ ਟਾਹਣੀਆਂ ਡਿੱਗਣ ਦੇ ਖਤਰੇ ਵਿੱਚ ਹਨ, ਉਨ੍ਹਾਂ ਦੀ ਵਿਗਿਆਨਕ ਢੰਗ ਨਾਲ ਛਾਂਟੀ ਜਾਂ ਹਟਾਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਜਿੱਥੇ ਖਤਰਨਾਕ ਦਰੱਖਤ ਹਟਾਏ ਜਾਣ, ਉੱਥੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਤੁਰੰਤ ਨਵੇਂ ਅਤੇ ਸੁਰੱਖਿਅਤ ਕਿਸਮ ਦੇ ਪੌਦੇ ਲਗਾਏ ਜਾਣ। ਲੱਖਾ ਸਿੰਘ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਮੌਸਮ ਖਰਾਬ ਹੋਣ ਦੌਰਾਨ ਦਰੱਖਤ ਡਿੱਗਣ ਕਾਰਨ ਹਾਦਸੇ ਵਾਪਰਦੇ ਹਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਮਾਨਸੂਨ ਅਤੇ ਤੂਫ਼ਾਨੀ ਮੌਸਮ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
Related