ਸਰਕਾਰੀ ਮੁਹਿੰਮਾਂ ਦੀ ਸਫਲਤਾ ਦਾ ਅਸਲ ਪੈਮਾਨਾ ਬਣੇ ਬੂਟਿਆਂ ਦੀ ਸੰਭਾਲ, ਹਰ 6 ਮਹੀਨੇ ਬਾਅਦ ਜਨਤਕ ਹੋਵੇ ਰਿਪੋਰਟ: ਲੱਖਾ ਸਿੰਘ

ਜਲੰਧਰ: ਪੰਜਾਬ ਸਰਕਾਰ ਦੇ ਕਮਿਸ਼ਨ ਦੇ ਸਾਬਕਾ ਮੈਂਬਰ ਲੱਖਾ ਸਿੰਘ ਨੇ ਕਿਹਾ ਹੈ ਕਿ ਵਾਤਾਵਰਣ ਸੰਭਾਲ ਲਈ ਚਲਾਈਆਂ ਜਾਂਦੀਆਂ ਰੁੱਖ ਲਗਾਉਣ ਮੁਹਿੰਮਾਂ ਦੀ ਸਫਲਤਾ ਦਾ ਅਸਲ ਅੰਦਾਜ਼ਾ ਲਗਾਉਣ ਲਈ ਲਗਾਏ ਗਏ ਬੂਟਿਆਂ ਦੀ ਸੰਭਾਲ ਅਤੇ ਬਚਾਅ ਦਰ ਦਾ ਰਿਕਾਰਡ ਜਨਤਕ ਕੀਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਬੂਟੇ ਲਗਾਏ ਜਾਂਦੇ ਹਨ, ਪਰ ਇਹ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿ ਉਨ੍ਹਾਂ ਵਿੱਚੋਂ ਕਿੰਨੇ ਬੂਟੇ ਜੀਵਤ ਹਨ, ਕਿੰਨੇ ਦਰੱਖਤ ਬਣ ਚੁੱਕੇ ਹਨ ਅਤੇ ਕਿੰਨੇ ਨਸ਼ਟ ਹੋ ਗਏ ਹਨ।

ਲੱਖਾ ਸਿੰਘ ਨੇ ਮੰਗ ਕੀਤੀ ਕਿ ਜੰਗਲਾਤ ਵਿਭਾਗ ਅਤੇ ਹੋਰ ਸੰਬੰਧਿਤ ਮਹਿਕਮੇ ਹਰ ਛੇ ਮਹੀਨੇ ਬਾਅਦ ਵਿਸਥਾਰਤ ਰਿਪੋਰਟ ਜਾਰੀ ਕਰਨ, ਜਿਸ ਵਿੱਚ ਜ਼ਿਲ੍ਹਾਵਾਰ ਲਗਾਏ ਗਏ ਬੂਟਿਆਂ ਦੀ ਗਿਣਤੀ, ਉਨ੍ਹਾਂ ਦੀ ਮੌਜੂਦਾ ਸਥਿਤੀ ਅਤੇ ਬਚਾਅ ਦਰ ਬਾਰੇ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਰਕਾਰੀ ਮੁਹਿੰਮਾਂ ਦੇ ਅਸਲ ਨਤੀਜਿਆਂ ਬਾਰੇ ਜਾਣਕਾਰੀ ਮਿਲੇਗੀ ਅਤੇ ਪਾਰਦਰਸ਼ਤਾ ਵੀ ਵਧੇਗੀ।

ਉਨ੍ਹਾਂ ਕਿਹਾ ਕਿ ਸਿਰਫ਼ ਰੁੱਖ ਲਗਾਉਣ ਦੇ ਟੀਚੇ ਪੂਰੇ ਕਰਨ ਦੀ ਬਜਾਏ ਬੂਟਿਆਂ ਦੀ ਦੇਖਭਾਲ ਅਤੇ ਸੁਰੱਖਿਆ ’ਤੇ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿੰਨੇ ਬੂਟਿਆਂ ਦੀ ਸੰਭਾਲ ਯਕੀਨੀ ਬਣਾਈ ਜਾ ਸਕੇ, ਉਨ੍ਹਾਂ ਹੀ ਬੂਟਿਆਂ ਦੀ ਰੋਪਾਈ ਕੀਤੀ ਜਾਵੇ।

ਲੱਖਾ ਸਿੰਘ ਨੇ ਪੰਜਾਬ ਸਰਕਾਰ ਤੋਂ ਹਰ ਜ਼ਿਲ੍ਹੇ ਵਿੱਚ ਰੁੱਖਾਂ ਦਾ ਡਿਜੀਟਲ ਰਿਕਾਰਡ ਤਿਆਰ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਸਰਕਾਰੀ ਯੋਜਨਾਵਾਂ ਵਿੱਚ ਪਾਰਦਰਸ਼ਤਾ ਆਵੇਗੀ, ਸਗੋਂ ਸਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾ ਸਕੇਗੀ।