ਜਲੰਧਰ (ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ) : ਲੰਮਾ ਪਿੰਡ ਚੌਂਕ ਵਿਖੇ ਸੜਕਾਂ ਦੀ ਖਸਤਾ ਹਾਲਤ ਅਤੇ ਥਾਂ-ਥਾਂ ਖੜ੍ਹੇ ਬਰਸਾਤੀ ਪਾਣੀ ਕਾਰਨ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੀ ਮਾੜੀ ਸਥਿਤੀ ਨੂੰ ਲੈ ਕੇ ਮਾਰਕੀਟ ਦੇ ਲੋਕਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਦੇਖਣ ਨੂੰ ਮਿਲਿਆ।

ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਅਤੇ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਤੱਕ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਸਾਬਕਾ ਵਿਧਾਇਕ ਸ੍ਰੀ ਕੇ.ਡੀ. ਭੰਡਾਰੀ ਜੀ, ਸਾਬਕਾ ਭਾਜਪਾ ਉਪ-ਪ੍ਰਧਾਨ ਮਨੀਸ਼ ਵਿਜ ਜੀ, ਭਾਜਪਾ ਮੰਡਲ ਨੰਬਰ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਜੀ, ਸ਼ਾਮ ਸ਼ਰਮਾ ਜੀ, ਸੁਰੇਸ਼ ਕਾਲੀਆ ਜੀ, ਮਿੰਦੀ ਜੀ, ਡਾ. ਪਵਨ ਵਿਸ਼ਿਸ਼ਟ ਜੀ, ਜੋਗਿੰਦਰ ਸ਼ਰਮਾ ਜੀ, ਯੋਗਰਾਜ ਸ਼ਰਮਾ ਜੀ ਅਤੇ ਸਾਬੀ ਜੀ ਸਮੇਤ ਹੋਰ ਆਗੂ ਅਤੇ ਵਰਕਰ ਮੌਕੇ ’ਤੇ ਪਹੁੰਚੇ।

ਇਸ ਮੌਕੇ ਆਗੂਆਂ ਅਤੇ ਸਥਾਨਕ ਲੋਕਾਂ ਵੱਲੋਂ ਧਰਨਾ ਦੇ ਕੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਗਈ ਕਿ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਤੱਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਮੀਂਹ ਪੈਣ ਤੋਂ ਬਾਅਦ ਸੜਕ ’ਤੇ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਸਥਾਨਕ ਮਾਰਕੀਟ ਦੇ ਲੋਕਾਂ ਨੇ ਕਿਹਾ ਕਿ ਸੜਕਾਂ ਦੀ ਖਸਤਾ ਹਾਲਤ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਹ ਆਪਣਾ ਰੋਜ਼ਗਾਰ ਸੁਚੱਜੇ ਢੰਗ ਨਾਲ ਚਲਾ ਸਕਣ।

ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਦੇ ਹੱਕ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।