ਲਾਂਬੜਾ — ਪੁਲਸ ਥਾਣਾ ਲਾਂਬੜਾ ਅਧੀਨ ਨੇੜੇ ਪਿੰਡ ਰਾਮਪੁਰ ਵਿਖੇ ਇਕ ਨੌਜਵਾਨ ਦੀ ਵਿਆਹ ਦੀ ਪਹਿਲੀ ਵਰ੍ਹੇਗੰਢ ਵਾਲੇ ਦਿਨ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਮਨ ਲਾਖਾ (32) ਪੁੱਤਰ ਧਰਮਪਾਲ ਵਾਸੀ ਅਰਜਨ ਨਗਰ ਨਕੋਦਰ ਦੇ ਮਾਸੀ-ਮਾਸੜ ਬੈਲਜੀਅਮ ‘ਚ ਰਹਿੰਦੇ ਹਨ, ਜਿਨ੍ਹਾਂ ਦੀ ਪਿੰਡ ਰਾਮਪੁਰ ਵਿਖੇ ਇਕ ਕੋਠੀ ਹੈ। ਰਮਨ ਲਾਖਾ ਹੀ ਕੋਠੀ ਦੀ ਦੇਖਭਾਲ ਕਰਦਾ ਸੀ। ਸ਼ੁੱਕਰਵਾਰ ਸ਼ਾਮੀਂ ਰਮਨ ਲਾਖਾ ਕੋਠੀ ਆਇਆ ਸੀ। ਗੇਟ ਖੁੱਲ੍ਹਾ ਵੇਖ ਕੇ ਕੋਠੀ ਦੇ ਨੇੜੇ ਹੀ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆ ਗਏ। ਜਦੋਂ ਉਹ ਕੋਠੀ ਦੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਰਮਨ ਲਾਖਾ ਵਿਹੜੇ ‘ਚ ਫਰਸ਼ ‘ਤੇ ਡਿੱਗਿਆ ਪਿਆ ਸੀ।


    ਉਹ ਉਸ ਨੂੰ ਖਾਂਬਰਾ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੇਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ‘ਤੇ ਕਿਸੇ ਸੱਟ ਆਦਿ ਦਾ ਕੋਈ ਨਿਸ਼ਾਨ ਨਹੀਂ ਪਾਇਆ ਗਿਆ। ਉਸ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।


    ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਰਮਨ ਲਾਖਾ ਨੇ ਕਰੀਬ ਇਕ-ਡੇਢ ਸਾਲ ਪਹਿਲਾਂ ਲਾਂਬੜਾ ਦੇ ਬਾਜ਼ਾਰ ‘ਚ ਬਿਊਟੀ ਸੈਲੂਨ ਦਾ ਕੰਮ ਖੋਲ੍ਹਿਆ ਸੀ, ਜੋ ਉਸ ਨੇ ਕੁਝ ਸਮੇਂ ਬਾਅਦ ਛੱਡ ਦਿੱਤਾ। ਰਮਨ ਦਾ ਵਿਆਹ ਇਕ ਸਾਲ ਪਹਿਲਾਂ ਅਮਰੀਕਾ ਦੀ ਸਿਟੀਜ਼ਨ ਲੜਕੀ ਨਾਲ ਹੋਇਆ ਸੀ। ਉਸ ਦੀ ਪਤਨੀ ਉਸ ਨੂੰ ਆਪਣੇ ਕੋਲ ਬੁਲਾਉਣ ਲਈ ਕਾਗਜ਼ਾਤ ਤਿਆਰ ਕਰਵਾ ਰਹੀ ਸੀ। ਇਸ ਨੂੰ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਰਮਨ ਲਾਖਾ ਦੀ ਮੌਤ ਵੀ ਉਸ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਵਾਲੇ ਦਿਨ ਹੋਈ ਹੈ।