ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ਵਿਚ ਨੰਗੇ ਸਿਰ ਤੇ ਜੁੱਤੀ ਲੈ ਕੇ ਇਕ ਵਿਅਕਤੀ ਦੋ ਡੰਡਿਆਂ ਨਾਲ ਵੜ ਗਿਆ ਤੇ ਪਾਠ ਦਾ ਭੋਗ ਪਾ ਰਹੇ ਗ੍ਰੰਥੀ ਨਾਲ ਬੋਲਿਆ ਕਿ ਆਵਾਜ਼ ਬੰਦ ਕਰੋ, ਮੇਰੀ ਨੀਂਦ ਖਰਾਬ ਹੋ ਰਹੀ ਹੈ।

    ਗ੍ਰੰਥੀ ਸਿੰਘ ਦਾ ਦੋਸ਼ ਹੈ ਕਿ ਇਸ ਦੌਰਾਨ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਗੁਰਦੁਆਰਾ ਸਾਹਿਬ ਵਿਚ ਮੌਜੂਦ ਗ੍ਰੰਥੀ ਤੇ ਹੋਰ ਸਿੰਘਾਂ ਨੇ ਉਸ ਨੂੰ ਫੜ ਕੇ ਬਾਹਰ ਕੱਢਿਆ ਤੇ ਉਸ ਦੀ ਮਾਰਕੁਟਾਈ ਕੀਤੀ। ਬਾਅਦ ਵਿਚ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਉਥੋਂ ਭੱਜ ਨਿਕਲਿਆ।

    ਘਟਨਾ ਅੱਜ ਸਵੇਰੇ 6.15 ਵਜੇ ਦੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਐੱਸਐੱਸਪੀ ਹਰਮਨਬੀਰ ਗਿੱਲ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

    ਗ੍ਰੰਥੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਇਕ ਹੋਰਰ ਸਾਥੀ ਗ੍ਰੰਥੀ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦਾ ਸਵੇਰੇ ਲਗਭਗ 6.15 ਵਜ ਭੋਗ ਪਾ ਰਹੇ ਸਨ।ਇਸ ਦੌਰਾਨ ਪਿੰਡ ਦਾ ਰਹਿਣ ਵਾਲਾ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਦੋ ਡੰਡੇ ਲੈ ਕੇ ਨੰਗੇ ਸਿਰ ਤੇ ਜੁੱਤੇ ਲੈ ਕੇ ਵੜ ਗਿਆ ਤੇ ਧਮਕੀ ਦਿੰਦੇ ਹੋਏ ਬੋਲਿਆ ਵਾਹਿਗੁਰੂ ਦਾ ਪ੍ਰਕਾਸ਼ ਬੰਦ ਕਰੋ, ਇਸ ਨਾਲ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੁਪਰ ਰੱਖਿਆ ਰੁਮਾਲਾ ਵੀ ਖਿੱਚਣ ਲੱਗਾ।

    ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਮੰਦਬੁੱਧੀ ਹੈ। ਦੂਜੇ ਪਾਸੇ ਗ੍ਰੰਥੀ ਰਘਬੀਰ ਸਿੰਘ ਨੇ ਕਿਹਾ ਕਿ ਉਸ ਨੇ ਇਸ ਵਿਅਕਤੀ ਨੂੰ ਪਿੰਡ ਵਿਚ ਘੱਟ ਹੀ ਦੇਖਿਆ ਹੈ। ਜਦੋਂ ਉਹ ਗੁਰਦੁਆਰਾ ਸਾਹਿਬ ਵਿਚ ਵੜਿਆ ਸੀ ਤਾਂ ਉਸ ਵਿਚ ਮੰਦਬੁੱਧੀ ਵਾਲੀ ਗੱਲ ਬਿਲਕੁਲ ਵੀ ਨਹੀਂ ਲੱਗੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।