ਲੁਧਿਆਣਾ- ਸਥਾਨਕ ਦੁੱਗਰੀ ਦੇ ਫੇਸ ਇਕ ‘ਚ ਦੁਕਾਨ ‘ਤੇ ਖ਼ਰਾਬ ਮਠਿਆਈ ਨਿਕਲਣ ‘ਤੇ ਮਹਿਲਾ ਵਕੀਲ ਵਲੋਂ ਹੰਗਾਮਾ ਖੜ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣ ਗਈ। ਜਾਣਕਾਰੀ ਦਿੰਦਿਆਂ ਮਹਿਲਾ ਐਡਵੋਕੇਟ ਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਸੀਤਾ ਰਾਮ ਨਾਮੀ ਮਠਿਆਈ ਦੀ ਦੁਕਾਨ ਤੋਂ ਮਠਿਆਈ ਖ਼ਰੀਦੀ ਸੀ, ਜੋ ਖ਼ਰਾਬ ਨਿਕਲੀ, ਜਦੋਂ ਉਸ ਨੇ ਇਸ ਸਬੰਧੀ ਦੁਕਾਨਦਾਰ ਨੂੰ ਦੱਸਿਆ ਤਾਂ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਨੂੰ ਫੋਨ ਵੀ ਕੀਤਾ ਗਿਆ ਪਰ ਅਧਿਕਾਰੀਆਂ ਵਲੋਂ ਫੋਨ ਵੀ ਨਹੀਂ ਚੁੱਕਿਆ ਗਿਆ। ਉਸ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਹੁਣ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਪਾਸ ਸ਼ਿਕਾਇਤ ਕਰਨ ਦਾ ਮਨ ਬਣਾਇਆ ਹੈ ਜਦਕਿ ਮਠਿਆਈ ਦੀ ਦੁਕਾਨ ਦੇ ਮਾਲਕ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਅਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।