ਪਾਕਿਸਤਾਨ ਦਿਨੋ-ਦਿਨ ਕੰਗਾਲ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਹਾਲ ਹੀ ਦੇ ਦਿਨਾਂ ‘ਚ ਜਨਤਕ ਵੰਡ ਕੰਪਨੀ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਦੌਰਾਨ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ‘ਚ ਅਸਮਾਨ ਛੂਹ ਰਹੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਗਰੀਬਾਂ ਖਾਸ ਕਰਕੇ ਪੰਜਾਬ ਸੂਬੇ ‘ਚ ਸ਼ੁਰੂ ਕੀਤੀ ਗਈ ਮੁਫਤ ਆਟਾ ਯੋਜਨਾ ਤੋਂ ਬਾਅਦ ਸਰਕਾਰੀ ਵੰਡ ਕੇਂਦਰਾਂ ‘ਚ ਕਈ ਮੌਤਾਂ ਹੋਈਆਂ ਹਨ।

    ਇਸ ਯੋਜਨਾ ਦਾ ਉਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਦੀ ਵਧਦੀ ਲੋਕ ਪ੍ਰਿਅਤਾ ਨੂੰ ਘੱਟ ਕਰਨਾ ਹੈ। ਦੱਖਣੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਵਿੱਚ ਮੁਫਤ ਆਟਾ ਕੇਂਦਰਾਂ ਵਿੱਚ ਮੰਗਲਵਾਰ ਨੂੰ ਦੋ ਬਜ਼ੁਰਗ ਔਰਤਾਂ ਅਤੇ ਇੱਕ ਆਦਮੀ ਦੀ ਮੌਤ ਹੋ ਗਈ, ਜਦੋਂ ਕਿ 60 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਹੋਰ ਜ਼ਿਲ੍ਹਿਆਂ ਵਿੱਚ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਫੈਸਲਾਬਾਦ, ਜਹਾਨੀਆਂ ਅਤੇ ਮੁਲਤਾਨ ਸ਼ਾਮਲ ਹਨ।

    ਪੁਲਿਸ ‘ਤੇ ਮੁਫਤ ਆਟਾ ਲੈਣ ਲਈ ਲੰਬੀਆਂ ਕਤਾਰਾਂ ‘ਚ ਖੜ੍ਹੇ ਨਾਗਰਿਕਾਂ ‘ਤੇ ਲਾਠੀਚਾਰਜ ਕਰਨ ਦਾ ਦੋਸ਼ ਹੈ। ਮੁਜ਼ੱਫਰਗੜ੍ਹ ਅਤੇ ਰਹੀਮ ਯਾਰ ਖਾਨ ਸ਼ਹਿਰਾਂ ਵਿੱਚ ਮੁਫਤ ਆਟੇ ਦੇ ਟਰੱਕ ਲੁੱਟੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਸਖਤ ਰੁਖ ਅਪਣਾਇਆ।

    ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਸਵੇਰੇ 6 ਵਜੇ ਮੁਫਤ ਆਟਾ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਦੀ ਭੀੜ ਅਤੇ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।