
Skip to content

ਪੈਕਟਬੰਦ ਭੋਜਨ ਸੁਰੱਖਿਆ ਮਾਮਲੇ ’ਚ ਵੱਡਾ ਵਿਵਾਦ: FSSAI ਵੱਲੋਂ ਤਿੰਨ ਬ੍ਰਾਂਡਾਂ ਨੂੰ ਕਾਰਨ ਦੱਸੋ ਨੋਟਿਸ
ਦੇਸ਼ ਵਿਚ ਪੈਕਟਬੰਦ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਹੰਗਾਮਾ ਖੜਾ ਹੋ ਗਿਆ ਹੈ। Food Safety and Standards Authority of India (FSSAI) ਨੇ ਸੋਸ਼ਲ ਮੀਡੀਆ ’ਤੇ ਆਈਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਤਿੰਨ ਪ੍ਰਮੁੱਖ ਫੂਡ ਬ੍ਰਾਂਡਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਇਨ੍ਹਾਂ ਵਿੱਚ Nestlé India (ਮੈਗੀ), KFC ਅਤੇ Open Secret ਸ਼ਾਮਲ ਹਨ।
ਮੈਗੀ ਨੂੰ ਲੈ ਕੇ ਕੀੜਿਆਂ ਦੀ ਸ਼ਿਕਾਇਤ
ਮੈਗੀ ਦੇ ਇਕ ਪੈਕਟ ਵਿਚ ਕਥਿਤ ਤੌਰ ’ਤੇ ਕੀੜੇ ਜਾਂ ਲਾਰਵੇ ਮਿਲਣ ਦੀ ਸ਼ਿਕਾਇਤ ਤੋਂ ਬਾਅਦ FSSAI ਨੇ ਨੇਸਲੇ ਇੰਡੀਆ ਤੋਂ ਸਪਸ਼ਟੀਕਰਨ ਮੰਗਿਆ ਹੈ। ਇਸ ਮਾਮਲੇ ਨੇ ਸੋਸ਼ਲ ਮੀਡੀਆ ’ਤੇ ਤੇਜ਼ ਚਰਚਾ ਛੇੜ ਦਿੱਤੀ ਹੈ।
KFC ਆਊਟਲੈੱਟ ’ਚ ਅਸ਼ੁੱਧਤਾ ਦੇ ਦੋਸ਼
ਆਂਧਰਾ ਪ੍ਰਦੇਸ਼ ਦੇ ਏਲੁਰੂ ਸਥਿਤ KFC ਆਊਟਲੈੱਟ ਵਿਚ ਅਸ਼ੁੱਧ ਹਾਲਾਤਾਂ ਦੇ ਦੋਸ਼ ਵੀ ਸਾਹਮਣੇ ਆਏ ਹਨ। ਇਸ ਮਾਮਲੇ ਨੂੰ ਲੈ ਕੇ ਅਥਾਰਟੀ ਨੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
Open Secret ਦੇ ਖਜੂਰਾਂ ’ਚ ਕੀੜਿਆਂ ਦੀ ਸ਼ਿਕਾਇਤ
ਫਲਿੱਪਕਾਰਟ ਮਿੰਟਸ ਰਾਹੀਂ ਡਿਲੀਵਰ ਕੀਤੇ ਗਏ Open Secret ਦੇ ਖਜੂਰਾਂ ਵਿਚ ਕੀੜੇ ਹੋਣ ਦੀ ਸ਼ਿਕਾਇਤ ਨੇ ਵੀ ਵਿਵਾਦ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਕੰਪਨੀਆਂ ਦਾ ਪੱਖ
ਨੇਸਲੇ ਇੰਡੀਆ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਲੈਬ ਰਿਪੋਰਟਾਂ ਮੁਤਾਬਕ ਉਤਪਾਦ ਬਿਲਕੁਲ ਸਹੀ ਹਨ। ਕੰਪਨੀ ਨੇ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਅਜੇ ਤੱਕ ਕੋਈ ਨਮੂਨਾ ਉਪਲਬਧ ਨਹੀਂ ਕਰਵਾਇਆ ਗਿਆ।
ਦੂਜੇ ਪਾਸੇ KFC ਦੇ ਆਪਰੇਟਰ ਨੇ ਕਿਹਾ ਹੈ ਕਿ ਉਹ ਦੋਸ਼ਾਂ ਦੀ ਜਾਂਚ ਕਰ ਰਹੇ ਹਨ ਅਤੇ FSSAI ਅੱਗੇ ਆਪਣਾ ਜਵਾਬ ਪੇਸ਼ ਕਰਨਗੇ।
FSSAI ਨੇ ਸਾਰੇ ਸਬੰਧਤ ਬ੍ਰਾਂਡਾਂ ਨੂੰ ਤੁਰੰਤ ‘ਐਕਸ਼ਨ ਟੇਕਨ ਰਿਪੋਰਟ’ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
Related