Skip to content
ਉੱਤਰੀ ਭਾਰਤ ’ਚ ਮੌਸਮ ਦਾ ਕਹਿਰ! ਪਹਾੜਾਂ ’ਚ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਡਿੱਗਿਆ ਪਾਰਾ, ਦਿੱਲੀ-NCR ’ਚ ਪ੍ਰਦੂਸ਼ਣ ਗੰਭੀਰ ਸ਼੍ਰੇਣੀ ’ਚ
ਮਨਾਲੀ ’ਚ ਸੈਲਾਨੀਆਂ ਦੀ ਭੀੜ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਲੱਗਿਆ ਜਾਮ, 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
(ਅਰਸ਼ਦੀਪ ਸਿੰਘ ਕਾਲੜਾ) :- ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਰੋਹਤਾਂਗ, ਸ਼ਿੰਕੂਲਾ ਅਤੇ ਬਾਰਾਲਾਚਾ ਦੱਰਿਆਂ ’ਤੇ ਬਰਫ਼ਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਦੂਜੇ ਪਾਸੇ, ਮਨਾਲੀ ਵਿੱਚ ਸੈਲਾਨੀਆਂ ਦੀ ਭਾਰੀ ਆਮਦ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਉੱਤਰਾਖੰਡ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 3,200 ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ।
ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਅੱਜ ਅਤੇ ਐਤਵਾਰ ਨੂੰ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਲਖਨਊ ਸਮੇਤ 25 ਸ਼ਹਿਰਾਂ ਵਿੱਚ ਸ਼ਨੀਵਾਰ ਸਵੇਰੇ ਧੁੰਦ ਦੇਖਣ ਨੂੰ ਮਿਲੀ।
ਉੱਧਰ, ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪ੍ਰਦੂਸ਼ਣ ਦਾ ਪੱਧਰ ਲਗਾਤਾਰ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਨੀਵਾਰ ਸਵੇਰੇ ਦਿੱਲੀ ਦੇ ITO ਵਿਖੇ AQI 414 ਅਤੇ ਗੁਰੂਗ੍ਰਾਮ ਵਿੱਚ 324 ਦਰਜ ਕੀਤਾ ਗਿਆ।
ਇਸ ਦੌਰਾਨ ISRO ਦੇ INSAT-3DS ਉਪਗ੍ਰਹਿ ਨੇ ਅੰਡੇਮਾਨ ਸਾਗਰ ਉੱਪਰ ਬੱਦਲਾਂ ਦੀ ਭਾਰੀ ਹਲਚਲ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ। ਸਮੁੰਦਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਨਵੇਂ ਚੱਕਰਵਾਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਚੱਕਰਵਾਤ ਬਣਦਾ ਹੈ ਤਾਂ ਇਸ ਦਾ ਨਾਮ ‘ਅਕਵਾਨ’ (Akwan) ਰੱਖਿਆ ਜਾਵੇਗਾ, ਜੋ ਈਰਾਨ ਵੱਲੋਂ ਸੁਝਾਇਆ ਗਿਆ ਹੈ।
Related