ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਫਰੀਦਕੋਟ ਦੇ ਬਾਬਾ ਫਰੀਦ ਨੇੜੇ ਕਮਲਾ ਨਹਿਰੂ ਜੈਨ ਸਕੂਲ ਵਿਖੇ 24 ਫਰਵਰੀ ਤੱਕ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਸਬੰਧ ਵਿੱਚ ਮੰਗਲ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਅਨੰਦੇਆਣਾ ਗਊਸ਼ਾਲਾ ਪ੍ਰਰਾਚੀਨ ਸ਼ਿਵ ਹਨੂੰਮਾਨ ਮੰਦਿਰ ਤੋਂ ਸ਼ੁਰੂ ਹੋ ਕੇ ਭਾਈ ਕਨ੍ਹਈਆ ਚੌਕ, ਘੰਟਾ ਘਰ ਚੌਕ, ਮਾਲ ਰੋਡ, ਹੁੱਕੀ ਚੌਕ, ਪੁਰਾਣੀ ਦਾਣਾ ਮੰਡੀ, ਕਿਲਾ ਚੌਕ, ਸਰਾਫ਼ਾ ਬਾਜ਼ਾਰ, ਜਤਿੰਦਰ ਚੌਕ, ਖੋਖਰਾ ਮੁਹੱਲਾ ਬੈਕ ਸਾਈਡ, ਰਾਮ ਸ਼ਰਨਮ ਆਸ਼ਰਮ, ਸਰਕੂਲਰ ਰੋਡ, ਡਾਲਫਿਨ ਚੌਕ ਤੂੰ ਹੁੰਦੇ ਹੋਏ ਕਥਾ ਸਥਾਨ ਕਮਲਾ ਨਹਿਰੂ ਜੈਨ ਸਕੂਲ ਵਿਖੇ ਸੰਪੰਨ ਹੋਈ। ਕਲਸ਼ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਸਮੀ ਪੂਜਾ ਕੀਤੀ ਗਈ। ਕਲਸ਼ ਯਾਤਰਾ ਦੀ ਸ਼ੁਰੂਆਤ ਡਾ: ਚੰਦਰ ਸ਼ੇਖਰ ਕੱਕੜ (ਐੱਸ.ਐੱਮ.ਓ. ਫਰੀਦਕੋਟ), ਡਾ: ਦੀਪਕ ਗੋਇਲ, ਡਾ: ਵਿਮਲ ਗਰਗ, ਡਾ: ਨਿਸ਼ੀ ਗਰਗ, ਪ੍ਰਵੀਨ ਸੱਚਰ (ਸ਼ਾਹੀ ਹਵੇਲੀ), ਰਾਕੇਸ਼ ਗਰਗ ਆਦਿ ਨੇ ਭਗਵਾ ਝੰਡਾ ਲਹਿਰਾ ਕੇ ਅਤੇ ਰਸਮੀ ਪੂਜਾ ਅਰਚਨਾ ਕਰਕੇ ਕੀਤੀ।ਮੰਗਲ ਕਲਸ਼ ਯਾਤਰਾ ਦੀ ਮਹੱਤਤਾ ਬਾਰੇ ਦੱਸਦਿਆਂ ਸਵਾਮੀ ਧੀਰਾਨੰਦ ਜੀ ਨੇ ਕਿਹਾ ਕਿ ਕਲਸ਼ ਦੇ ਅਗਲੇ ਹਿੱਸੇ ਵਿੱਚ ਦੇਵਤੇ ਨਿਵਾਸ ਕਰਦੇ ਹਨ ਅਤੇ ਦੂਜਾ ਇਹ ਸਾਡੇ ਮਨੁੱਖੀ ਦਿਮਾਗ ਦਾ ਪ੍ਰਤੀਕ ਵੀ ਹੈ ਜਿਸ ਵਿੱਚ ਅੰਮਿ੍ਤ ਦਾ ਸਰੋਵਰ ਮੌਜੂਦ ਹੈ। ਕਲਸ਼ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਣੇ ਮਨੁੱਖਾ ਸਰੀਰ ਵਿੱਚ ਬ੍ਹਮ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਸਾਡੇ ਜੀਵਨ ਦਾ ਮੂਲ ਉਦੇਸ਼ ਹੈ।ਕਲਸ਼ ਯਾਤਰਾ ਵਿੱਚ ਸੈਂਕੜੇ ਅੌਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਸਿਰ ‘ਤੇ ਕਲਸ਼ ਲੈ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਹੱਥਾਂ ਵਿੱਚ ਨਾਅਰੇ ਵਾਲੀਆਂ ਤਖਤੀਆਂ ਫੜ ਕੇ ਨੌਜਵਾਨ ਭਰਾਵਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਜਿਵੇਂ ਕੰਨਿਆ ਭਰੂਣ ਹੱਤਿਆ, ਨਸ਼ਾਖੋਰੀ, ਵਾਤਾਵਰਨ ਪ੍ਰਦੂਸ਼ਣ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਹੋਰ ਸ਼ਰਧਾਲੂਆਂ ਨੇ ਹੱਥਾਂ ਵਿੱਚ ਭਗਵੇਂ ਰੰਗ ਦੇ ਝੰਡੇ ਫੜੇ ਹੋਏ ਸਨ। ਹਰ ਕੋਈ ਜੈ ਸ੍ਰੀ ਰਾਮ ਦੇ ਜੈਕਾਰੇ ਲਗਾ ਰਿਹਾ ਸੀ, ਜਿਸਦੇ ਨਾਲ ਸਾਰਾ ਮਾਹੌਲ ਭਗਵਾਨ ਦੇ ਰੰਗ ਵਿਚ ਰੰਗਿਆ ਹੋਇਆ ਸੀ। ਯਾਤਰਾ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਮੂਹ ਸ਼ਰਧਾਲੂਆਂ ਲਈ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ। ਕਲਸ਼ ਯਾਤਰਾ ਦੇ ਅੰਤ ਵਿੱਚ ਸਮੂਹ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।