
Skip to content
ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਬਿਜਲੀ ਵਿਭਾਗ ਵੱਲੋਂ ਬਸਤੀ ਨਿਜ਼ਾਮਦੀਨ ਤੋਂ ਮਲਵਾਲ ਰੋਡ ਅਤੇ ਗੋਬਿੰਦ ਨਗਰੀ ਰੋਡ ‘ਤੇ ਲਗਾਈ ਜਾ ਰਹੀ 66 ਕੇਵੀ ਲਾਈਨ ਦੇ ਮੋਨੋ ਪੋਲਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲਗਭਗ 100 ਫੁੱਟ ਤੋਂ ਵੱਧ ਉਚਾਈ ਵਾਲੇ ਇਨ੍ਹਾਂ ਵਿਸ਼ਾਲ ਪੋਲਾਂ ਨੂੰ ਰਿਹਾਇਸ਼ੀ ਖੇਤਰ ਵਿੱਚ ਲਗਾਏ ਜਾਣ ਕਾਰਨ ਲੋਕਾਂ ਨੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਟੀ-ਪੁਆਇੰਟ ‘ਤੇ ਲੱਗਿਆ ਪੋਲ ਬਣਿਆ ਮੁਸੀਬਤ ਦਾ ਕਾਰਨ ਇਲਾਕਾ ਨਿਵਾਸੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਭੁੱਲਰ ਨੇ ਦੱਸਿਆ ਕਿ ਮਲਵਾਲ ਰੋਡ ਤੋਂ ਗੋਬਿੰਦ ਨਗਰੀ ਰੋਡ ‘ਤੇ ਬਾਗੀ ਹਸਪਤਾਲ ਦੇ ਬਿਲਕੁਲ ਸਾਹਮਣੇ ਪੋਲ ਨੰਬਰ 10 ਲਗਾਇਆ ਗਿਆ ਹੈ। ਇਹ ਇੱਕ ਮੁੱਖ ਟੀ-ਪੁਆਇੰਟ ਹੈ ਜਿੱਥੋਂ ਬਾਗੀ ਹਸਪਤਾਲ, ਦਸ਼ਮੇਸ਼ ਪਬਲਿਕ ਸਕੂਲ ਅਤੇ ਪੰਚਵਟੀ ਰਿਜ਼ੌਰਟ ਨੂੰ ਰਸਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੋਲ ਦੀ ਫਾਊਂਡੇਸ਼ਨ ਜ਼ਮੀਨ ਤੋਂ 3 ਫੁੱਟ ਉੱਚੀ ਅਤੇ 8 ਫੁੱਟ ਚੌੜੀ ਹੈ, ਜਿਸ ਕਾਰਨ ਇੱਥੇ ਟ੍ਰੈਫਿਕ ਜਾਮ ਅਤੇ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਗਿਆ ਹੈ।
ਤਕਨੀਕੀ ਲਾਪਰਵਾਹੀ ਦੇ ਇਲਜ਼ਾਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ 10 ਨੰਬਰ ਪੋਲ ਤੋਂ ਅੱਗੇ ਸਾਰੀ ਤਾਰ ਅੰਡਰ-ਗਰਾਊਂਡ (ਜ਼ਮੀਨਦੋਜ਼) ਪਾਈ ਗਈ ਹੈ, ਤਾਂ ਇਹ ਕੰਮ ਪੋਲ ਨੰਬਰ 9 ਤੋਂ ਵੀ ਹੋ ਸਕਦਾ ਸੀ, ਜੋ ਕਿ ਮਹਿਜ਼ 150 ਮੀਟਰ ਦੀ ਦੂਰੀ ‘ਤੇ ਹੈ। ਇੰਨੀ ਉਚਾਈ ਵਾਲਾ ਪੋਲ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਲਗਾਉਣਾ ਕਿਸੇ ਵੀ ਪੱਖੋਂ ਸਹੀ ਨਹੀਂ ਹੈ। ਇਸ ਮਾਰਗ ਤੋਂ ਆਜ਼ਾਦ ਨਗਰ, ਨਿਊ ਆਜ਼ਾਦ ਨਗਰ ਅਤੇ ਹੋਰ ਅੱਧੀ ਦਰਜਨ ਕਾਲੋਨੀਆਂ ਦੇ ਹਜ਼ਾਰਾਂ ਲੋਕ ਰੋਜ਼ਾਨਾ ਲੰਘਦੇ ਹਨ।
ਸੀਵਰ ਲਾਈਨ ਅਤੇ ਸਥਿਰਤਾ ‘ਤੇ ਸਵਾਲ ਇਲਾਕਾ ਨਿਵਾਸੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਪੋਲ ਦੀ ਫਾਊਂਡੇਸ਼ਨ ਮੁੱਖ ਸੀਵਰ ਲਾਈਨ ਤੋਂ ਮਹਿਜ਼ 5 ਫੁੱਟ ਦੀ ਦੂਰੀ ‘ਤੇ ਹੈ। ਬਰਸਾਤ ਦੇ ਦਿਨਾਂ ਵਿੱਚ ਇੱਥੇ ਭਾਰੀ ਪਾਣੀ ਜਮਾ ਹੋ ਜਾਂਦਾ ਹੈ, ਜਿਸ ਨਾਲ ਹਜ਼ਾਰਾਂ ਟਨ ਭਾਰੇ ਇਸ ਪੋਲ ਦੀ ਮਜ਼ਬੂਤੀ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਭਵਿੱਖ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਕੀ ਬਿਜਲੀ ਵਿਭਾਗ ਜਾਂ ਪ੍ਰਸ਼ਾਸਨ ਇਸ ਦੀ ਜ਼ਿੰਮੇਵਾਰੀ ਲਵੇਗਾ?
ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਭੈਅ ਦੇ ਸਾਏ ਹੇਠ ਜੀਅ ਰਹੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੋਲ ਨੰਬਰ 10 ਨੂੰ ਤੁਰੰਤ ਉੱਥੋਂ ਹਟਾਇਆ ਜਾਵੇ, ਅੰਡਰ-ਗਰਾਊਂਡ ਤਾਰ ਦੀ ਕਨੈਕਟੀਵਿਟੀ ਪੋਲ ਨੰਬਰ 9 ਤੋਂ ਦਿੱਤੀ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।Related