ਸਰਬਪੱਖੀ ਅਦੁੱਤੀ ਸ਼ਖਸੀਅਤ ਦੇ ਮਾਲਕ, ਦਰਵੇਸ਼ ਸ਼ਹਿਨਸ਼ਾਹ, ਗਿਆਨ ਦਾਤਾ, ਸਰਬਪੱਖੀ ਮੁਜੱਸਮਾ, ਸਰਬੰਸਦਾਨੀ, ਮਹਾਨ ਸੂਰਬੀਰ ਯੋਧੇ,ਪੁਰਖ ਭਗਵੰਤ, ਪ੍ਰੀਤ ਪੈਗ਼ੰਬਰ, ਨੀਲੇ ਦੇ ਸ਼ਾਹ ਅਸਵਾਰ, ਅੰਮ੍ਰਿਤ ਦੇ ਦਾਤੇ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਸੇਵਾ ਸਿਮਰਨ ਦੀ ਤਸਵੀਰ ਸਾਂਤੀ ਤੇ ਨਿਮਰਤਾ ਦੇ ਪੁੰਜ, ਵਾਹਿਗੁਰੂ ਦੇ ਭਾਣੇ ਅਤੇ ਸਤਿਗੁਰਾਂ ਦੇ ਹੁਕਮ ਵਿਚ ਸਮਾਂ ਗ਼ੁਜ਼ਾਰਨ ਵਾਲੇ, ਖ਼ਾਲਸੇ ਦੀ ਮਾਤਾ ਸਾਹਿਬ ਕੌਰ (ਸਾਹਿਬ ਦੇਵਾਂ) ਜੀ ਜਿਸ ਨੂੰ ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਦੀ ਮਾਤਾ ਦਾ ਗੌਰਵ ਬਖ਼ਸ਼ ਕੇ ਔਰਤ ਜਾਮੇ ਦੀ ਨੁਹਾਰ ਹੀ ਬਦਲ ਦਿੱਤੀ। ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ ਗੁਰ ਪ੍ਰਣਾਲੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਮਾਤਾ ਸਾਹਿਬ ਕੌਰ ਦੇ ਲੇਖਕ ਗਿਆਨੀ ਜੁਝਾਰ ਸਿੰਘ ਆਜ਼ਾਦ, ਗੁਰੂ ਖਾਲਸਾ ਤਵਾਰੀਖ, ਸ੍ਰੀ ਕਲਗੀਧਰ ਚਮਤਕਾਰ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਮਹਾਨ ਕੋਸ਼ ਅਤੇ ਇਤਿਹਾਸਕ ਸਰੋਤਾਂ ਅਨੁਸਾਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਪਿਤਾ ਭਾਈ ਰਾਮੂ ਜੀ (ਭਾਈ ਹਰਭਗਵਾਨ) ਬੱਸੀ ਗੋਤ ਦੇ ਘਰ ਮਾਤਾ ਜੱਸ ਦੇਵੀ ਦੀ ਕੁਖੋਂ ਜ਼ਿਲ੍ਹਾ ਜੇਹਲਮ ਦੇ ਇਤਿਹਾਸਕ ਨਗਰ ਰੁਹਤਾਸ ਵਿਖੇ 18 ਕੱਤਕ1738 ਬਿਕ੍ਰਮੀ ਸੰਮਤ ਮੁਤਾਬਕ 3 ਨਵੰਬਰ 1681 ਈਸਵੀ ਨੂੰ ਹੋਇਆ।

    ਇਤਿਹਾਸਕ ਪੱਖ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 15 ਸਤੰਬਰ 1519 ਈਸਵੀ ਨੂੰ ਇਸ ਨਗਰ ਵਿਚ ਆਪਣੇ ਚਰਨ ਪਾਏ ਤੇ ਬੱਸੀ ਗੋਤ ਦੇ ਵਡੇਰੇ ਭਾਈ ਭਗਤੂ ਰਾਮ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਇਸੇ ਕਾਰਣ ਇਸ ਇਲਾਕੇ ਦੀਆਂ ਸੰਗਤਾਂ ਵਿੱਚ ਸਿੱਖੀ ਪ੍ਰਫੁੱਲਿਤ ਅਤੇ ਲੋਕਾਂ ਵਿਚ ਭਰਾਤਰੀ ਭਾਵ, ਸਹਿਨਸ਼ੀਲਤਾ, ਧਾਰਮਿਕਤਾ, ਪਰਉਪਕਾਰ, ਨੇਕੀ ਸਚਾਈ ਅਤੇ ਸੁਕ੍ਰਿਤ ਕਰਨਾ ਮਹੱਤਵਪੂਰਨ ਦੈਵੀ ਗੁਣ ਸਨ। ਇਤਿਹਾਸਕ ਵਿਦਵਾਨਾਂ ਦੀ ਭਰਪੂਰ ਖੋਜ ਅਨੁਸਾਰ ਭਾਈ ਰਾਮੂ ਜੀ ਸਾਰੇ ਪ੍ਰਵਾਰ ਅਤੇ ਪੋਠੋਹਾਰ ਦੀ ਸੰਗਤ ਸਹਿਤ 10 ਮਾਰਚ ਸੰਨ 1700 ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਦਸਮੇਸ਼ ਪਿਤਾ ਅਤੇ ਗੁਰੂ ਪ੍ਰਵਾਰ ਦੇ ਦਰਸ਼ਨ ਕੀਤੇ। ਸਮੁੱਚੀ ਸੰਗਤ, ਭਾਈ ਰਾਮਾ ਜੀ ਅਤੇ ਮਾਤਾ ਜੱਸ ਦੇਈ ਵਲੋਂ ਸਤਿਗੁਰੂ ਜੀ ਅੱਗੇ ਨਿਮਰਤਾ ਅਤੇ ਸਤਿਕਾਰ ਨਾਲ ਆਪਣੀ ਲੜਕੀ ਸਾਹਿਬ ਦੇਵਾਂ ਦੇ ਵਿਆਹ ਬਾਰੇ ਕੀਤੀ ਬੇਨਤੀ ਨੂੰ ਸਤਿਗੁਰੂ ਜੀ ਨੇ ਗਹਿਰ ਗੰਭੀਰ ਹੋ ਕੇ ਸੁਣਿਆ ਤੇ ਵੀਚਾਰਿਆ। ਗੁਰੂ ਸਾਹਿਬ ਜੀ ਨੇ ਸਾਹਿਬ ਦੇਵਾਂ ਨਾਲ ਆਨੰਦ ਕਾਰਜ ਕਰਨਾ ਪ੍ਰਵਾਨ ਕਰ ਲਿਆ।

    ਜਿਸ ਕਰਕੇ 18 ਵੈਸਾਖ 1757 ਬਿਕ੍ਰਮੀ ਨੂੰ ਅਨੰਦ ਕਾਰਜ ਸੰਪੰਨ ਹੋਇਆ। ਅਨੰਦ ਕਾਰਜ ਦੀ ਰਸਮ ਤੋਂ ਪਹਿਲਾਂ ਨਗਰ ਰੁਹਤਾਸ ਦੀ ਸਮੁੱਚੀ ਸੰਗਤ ਸਮੇਤ ਭਾਈ ਰਾਮੇ ਦੇ ਪ੍ਰਵਾਰ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਿਸ ਕਰਕੇ ਬੀਬੀ ਸਾਹਿਬ ਦੇਵਾਂ ਦੀ ਸਾਹਿਬ ਕੌਰ ਬਣ ਗਏ। ਸਤਿਗੁਰੂ ਜੀ ਦੇ ਆਦੇਸ਼ ਅਨੁਸਾਰ ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਤੇ ਗੁਰਪ੍ਰਵਾਰ ਦੀ ਸੇਵਾ ਵਿੱਚ ਪ੍ਰਵਰਤਿਤ ਹੋ ਗਏ। ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ ਸਨ। ਇਤਿਹਾਸ ਗਵਾਹ ਹੈ ਕਿ ਇਕ ਦਿਨ ਮਾਤਾ ਜੀ ਨੇ ਸਤਿਗੁਰੂ ਜੀ ਤੋਂ ਇਕ ਪੁੱਤਰ (ਸੰਤਾਨ) ਦੀ ਮੰਗ ਕੀਤੀ ਤਾਂ ਦਸਮੇਸ਼ ਪਿਤਾ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਅਤੇ ਸਤਿਕਾਰ ਬਖਸ਼ਿਆ। ਵਰਨਣਯੋਗ ਹੈ ਕਿ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਬਹੁਤ ਸਾਰਾ ਸਮਾਂ ਇਕੱਠੇ ਰਹਿਣ ਅਤੇ ਪੰਥ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦਿੱਲੀ ਤੋਂ ਨੰਦੇੜ ਗੁਰੂ ਜੀ ਦੇ ਜਾਣ ਸਮੇਂ ਮਾਤਾ ਸਾਹਿਬ ਕੌਰ ਜੀ ਵੀ ਨਾਲ ਹੀ ਗਏ।

    ਜਿੱਥੇ ਗੁਰਦੁਆਰਾ ਮਾਤਾ ਸਾਹਿਬ ਕੌਰ ਸਥਿੱਤ ਹੈ ਇੱਥੇ ਮਾਤਾ ਜੀ ਨੇ ਨਿਵਾਸ ਰੱਖ ਕੇ ਸ੍ਰੀ ਕਲਗ਼ੀਧਰ ਪਾਤਸ਼ਾਹ ਦੀ ਨੂੰ ਰੋਜ਼ਾਨਾ ਲੰਗਰ ਛਕਾਉਂਦੇ ਰਹੇ। ਜਿਸ ਸਮੇਂ ਗੁਰੂ ਜੀ ਦੀ ਆਗਿਆ ਅਨੁਸਾਰ ਨੰਦੇੜ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਦਿੱਲੀ ਸਿੰਘਾਂ ਨਾਲ ਆਏ ਤਾਂ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਪੰਜ ਸ਼ਸਤਰ ਤੇ ਇਕ ਮੋਹਰ ਦੇ ਕੇ ਨਿਵਾਜਿਆ। ਦਿੱਲੀ ਰਹਿੰਦਿਆਂ ਮਾਤਾ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਵੀ ਲਿੱਖ ਕੇ ਭੇਜੇ ਸਨ। ਇੱਥੇ ਹੀ ਦਿੱਲੀ ਵਿਖੇ ਅੰਤ ਸਮਾਂ ਆਉਣ ਤੇ ਗੁਰੂ ਜੀ ਵਲੋਂ ਦਿੱਤੇ ਪੰਜ ਸ਼ਸਤਰ ਗੁਰਦੇਵ ਮਾਤਾ ਸੁੰਦਰ ਕੌਰ ਜੀ ਦੇ ਸਪੁਰਦ ਕਰਕੇ ਖ਼ਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਪ੍ਰਭੂ ਭਾਣੇ ਵਿਚ 15 ਅਕਤੂਬਰ 1731 ਈਸਵੀ ਨੂੰ ਦਿੱਲੀ ਵਿਖੇ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ। ਮਾਤਾ ਸਾਹਿਬ ਕੌਰ ਜੀ ਦੇ 343ਵੇਂ ਜਨਮ ਉਤਸਵ ਦੀ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ।

    ਲੇਖਕ : ਗਿਆਨੀ ਰਣਧੀਰ ਸਿੰਘ ਸੰਭਲ (ਯੂ.ਕੇ.)