
Skip to content

ਦੇਸ਼ ‘ਚ MBBS ਸੀਟਾਂ 1.36 ਲੱਖ ਤੋਂ ਪਾਰ, ਡਾਕਟਰ ਬਣਨ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਦੇਸ਼ ਭਰ ਵਿੱਚ ਡਾਕਟਰ ਬਣਨ ਦਾ ਸੁਪਨਾ ਦੇਖ ਰਹੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਵੱਲੋਂ ਅਕਾਦਮਿਕ ਸਾਲ 2026-27 ਲਈ ਜਾਰੀ ਕੀਤੇ ਗਏ ਨਵੇਂ ਸੀਟ ਮੈਟ੍ਰਿਕਸ ਅਨੁਸਾਰ ਭਾਰਤ ਵਿੱਚ ਐਮ.ਬੀ.ਬੀ.ਐਸ. ਦੀਆਂ ਕੁੱਲ ਸੀਟਾਂ 1,36,939 ਹੋ ਗਈਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਐਮ.ਬੀ.ਬੀ.ਐਸ. ਸੀਟਾਂ ਦੀ ਗਿਣਤੀ 1.36 ਲੱਖ ਦੇ ਅੰਕੜੇ ਤੋਂ ਪਾਰ ਪਹੁੰਚੀ ਹੈ।
ਪਿਛਲੇ ਸਾਲ ਦੇ 1,28,976 ਸੀਟਾਂ ਦੇ ਮੁਕਾਬਲੇ ਇਸ ਵਾਰ 7,963 ਨਵੀਆਂ ਸੀਟਾਂ ਦਾ ਵਾਧਾ ਹੋਇਆ ਹੈ, ਜੋ ਕਰੀਬ 7 ਫੀਸਦੀ ਵਾਧਾ ਦਰਸਾਉਂਦਾ ਹੈ। ਦੇਸ਼ ਦੇ 823 ਮੈਡੀਕਲ ਕਾਲਜਾਂ ਵਿੱਚ ਇਹ ਸੀਟਾਂ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚ 441 ਸਰਕਾਰੀ ਅਤੇ 382 ਪ੍ਰਾਈਵੇਟ ਮੈਡੀਕਲ ਕਾਲਜ ਸ਼ਾਮਲ ਹਨ।
ਅੰਕੜਿਆਂ ਮੁਤਾਬਕ, 63,296 ਸੀਟਾਂ ਸਰਕਾਰੀ ਅਤੇ 73,643 ਸੀਟਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਹੋਣਗੀਆਂ। ਸੂਬਿਆਂ ਦੀ ਗੱਲ ਕਰੀਏ ਤਾਂ ਕਰਨਾਟਕ 15,395 ਸੀਟਾਂ ਨਾਲ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੈ। ਉੱਥੇ ਹੀ ਹਰਿਆਣਾ ਨੂੰ 2,960, ਪੰਜਾਬ ਨੂੰ 1,850 ਅਤੇ ਚੰਡੀਗੜ੍ਹ ਨੂੰ 200 ਐਮ.ਬੀ.ਬੀ.ਐਸ. ਸੀਟਾਂ ਮਿਲੀਆਂ ਹਨ।
ਐਨ.ਐਮ.ਸੀ. ਨੇ ਇਸ ਸਾਲ ਦੇਸ਼ ਭਰ ਵਿੱਚ 25 ਨਵੇਂ ਮੈਡੀਕਲ ਕਾਲਜਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਮੈਡੀਕਲ ਸਿੱਖਿਆ ਦਾ ਦਾਇਰਾ ਹੋਰ ਵਧੇਗਾ। ਇਨ੍ਹਾਂ ਵਿੱਚ ਹਰਿਆਣਾ ਦਾ ‘ਸੰਸਕਾਰਮ ਸਕੂਲ ਆਫ਼ ਮੈਡੀਕਲ ਸਾਇੰਸਿਜ਼’ ਵੀ ਸ਼ਾਮਲ ਹੈ।
ਕੌਂਸਲਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਆਈ ਇਸ ਘੋਸ਼ਣਾ ਨੇ ਨੀਟ-ਯੂਜੀ ਦੇ ਲੱਖਾਂ ਉਮੀਦਵਾਰਾਂ ਵਿੱਚ ਨਵੀਂ ਉਮੀਦ ਜਗਾਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਟ ਮੈਟ੍ਰਿਕਸ ਵਿੱਚ ਏਆਈਆਈਐਮਐੱਸ (AIIMS) ਅਤੇ ਜੇਆਈਪੀਐਮਈਆਰ (JIPMER) ਵਰਗੀਆਂ ਕੇਂਦਰੀ ਸੰਸਥਾਵਾਂ ਦੀਆਂ ਕਰੀਬ 2,900 ਸੀਟਾਂ ਸ਼ਾਮਲ ਨਹੀਂ ਹਨ, ਜਿਸ ਕਾਰਨ ਵਿਦਿਆਰਥੀਆਂ ਲਈ ਦਾਖ਼ਲੇ ਦੇ ਮੌਕੇ ਹੋਰ ਵੀ ਵਧਣ ਦੀ ਸੰਭਾਵਨਾ ਹੈ।

Related