ਜਲੰਧਰ ‘ਚ ਕੁਝ ਦਵਾਈਆਂ ਦੀ ਖ਼ਰੀਦ-ਵੇਚ ‘ਤੇ ਸਖ਼ਤ ਪਾਬੰਦੀ, ਬਿਨਾਂ ਰਿਕਾਰਡ ਵੇਚਣ ਵਾਲਿਆਂ ‘ਤੇ ਹੋਵੇਗੀ ਕਾਰਵਾਈ

ਜਲੰਧਰ: ਮੈਡੀਕਲ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਲੰਧਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਪੁਲਿਸ ਕਮਿਸ਼ਨਰ Dhanpreet Kaur ਵੱਲੋਂ BNSS 2023 ਦੀ ਧਾਰਾ 163 ਤਹਿਤ ਜਾਰੀ ਹੁਕਮਾਂ ਅਨੁਸਾਰ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਕੁਝ ਖ਼ਾਸ ਦਵਾਈਆਂ ਅਤੇ ਇੰਜੈਕਸ਼ਨਾਂ ਦੀ ਬਿਨਾਂ ਰਿਕਾਰਡ ਖ਼ਰੀਦ-ਵੇਚ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਕਮਾਂ ਮੁਤਾਬਕ ਪ੍ਰੀਗੇਬਲਿਨ (Pregabalin) ਕੈਪਸੂਲ, ਗੈਬਾਪੇਨਟਿਨ (Gabapentin) ਕੈਪਸੂਲ ਅਤੇ ਐਨਾਫੋਰਟਿਨ (Anafortan) ਇੰਜੈਕਸ਼ਨ ਨੂੰ ਬਿਨਾਂ ਲਾਇਸੈਂਸ ਆਪਣੇ ਕੋਲ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਸਟਾਕ ਕਰਨ ਜਾਂ ਬਿਨਾਂ ਜਾਇਜ਼ ਬਿੱਲ ਅਤੇ ਰਿਕਾਰਡ ਦੇ ਖ਼ਰੀਦਣ-ਵੇਚਣ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ।

ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਇਹ ਹੁਕਮ 26 ਮਈ 2026 ਤੋਂ 27 ਜੁਲਾਈ 2026 ਤੱਕ ਲਾਗੂ ਰਹਿਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਮੈਡੀਕਲ ਸਟੋਰਾਂ ‘ਤੇ ਦਵਾਈਆਂ ਦੀ ਵਿਕਰੀ ਦਾ ਰਿਕਾਰਡ ਪਾਰਦਰਸ਼ੀ ਬਣੇਗਾ ਅਤੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ‘ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ।