ਫਰੀਦਕੋਟ, 26 ਅਪ੍ਰੈਲ ( ਵਿਪਨ ਮਿਤੱਲ) :- ਦੇਸ਼ ਦੇ 24 ਮਹਿਕਮਿਆਂ ਦੇ ਉਚ ਅਹੁਦਿਆਂ ਲਈ ਹਰ ਸਾਲ ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਵੱਲੋਂ ਪ੍ਰੀਖਿਆ ਲਈ ਜਾਂਦੀ ਹੈ। ਇਸ ਪ੍ਰੀਖਿਆ ਵਿਚੋਂ ਸਫਲ ਟਾਪਰ ਪ੍ਰੀਖਿਆਰਥੀ ਆਈ.ਏ.ਐੱਸ.,ਆਈ.ਪੀ.ਐੱਸ., ਆਈ.ਐੱਫ.ਐੱਸ. ਅਤੇ ਆਈ.ਆਰ.ਐੱਸ. ਆਦਿ ਸਮੇਤ ਕਈ ਹੋਰ ਕੇਡਰਾਂ ਵਿਚ ਨਿਯੁਕਤ ਕੀਤੇ ਜਾਂਦੇ ਹਨ। ਸਥਾਨਕ ਨਿਊ ਹਰਿੰਦਰਾ ਨਗਰ ਨਿਵਾਸੀ ਪੀ.ਐੱਸ.ਪੀ.ਸੀ.ਐੱਲ. ਵਿਚੋਂ ਸੇਵਾ ਮੁਕਤ ਰਣਧੀਰ ਸਿੰਘ ਵਾਂਦਰ ਅਤੇ ਸਰਕਾਰੀ ਅਧਿਆਪਕਾ ਵਰਿੰਦਰ ਪਾਲ ਕੌਰ ਵਾਂਦਰ ਦੇ ਹੋਣਹਾਰ ਸਪੁੱਤਰ ਪ੍ਰਿੰਸ ਅਰਸ਼ਦੀਪ ਸਿੰਘ ਵਾਂਦਰ ਐਡਵੋਕੇਟ ਨੇ ਸਾਲ 2024 ਦੀ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਿੰਸ ਨੇ ਇਸ ਵੱਕਾਰੀ ਪ੍ਰੀਖਿਆ ਵਿਚੋਂ 415ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਂ-ਬਾਪ ਅਤੇ ਇਲਾਕੇ ਦਾ ਨਾਮ ਚਮਕਾਇਆ ਹੈ। ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਨੇ ਪ੍ਰਿੰਸ ਦੀ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਟਰੱਸਟ ਦੇ ਉਚ ਪੱਧਰੀ ਵਫਦ ਨੇ ਅੱਜ ਸਥਾਨਕ ਕੋਟਕਪੂਰਾ ਰੋਡ ਸਥਿਤ ਨਿਊ ਹਰਿੰਦਰਾ ਨਗਰ ਵਿਖੇ ਜਾ ਕੇ ਪ੍ਰਿੰਸ ਅਤੇ ਉਸਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਟਰੱਸਟ ਦੇ ਸੰਸਥਾਪਕ ਚੇਅਰਮੈਨ ਅਤੇ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫਦ ਵਿਚ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਦੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਸ੍ਰੀ ਕ੍ਰਿਸ਼ਨ ਆਰ.ਏ., ਮਲਕੀਤ ਸਿੰਘ ਲੈਕਚਰਾਰ, ਪ੍ਰਵੰਤਾ ਦੇਵੀ ਅਤੇ ਨਰਿੰਦਰ ਕਾਕਾ ਆਦਿ ਸ਼ਾਮਿਲ ਸਨ। ਇਸ ਵੇਲੇ ਪ੍ਰਿੰਸ ਦੇ ਪਿਤਾ ਰਣਧੀਰ ਸਿੰਘ ਵਾਂਦਰ ਅਤੇ ਮਾਤਾ ਵਰਿੰਦਰ ਪਾਲ ਕੌਰ ਵਾਂਦਰ ਵੀ ਮੌਜੂਦ ਸਨ। ਟਰੱਸਟ ਆਗੂਆਂ ਨੇ ਪ੍ਰਿੰਸ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿਤੀ। ਆਗੂਆਂ ਨੇ ਪ੍ਰਿੰਸ ਨੂੰ ਸ਼ਾਨਦਾਰ ਬੂਕਾ ਦੇ ਕੇ ਅਤੇ ਫੁੱਲਾਂ ਦੇ ਹਾਰ ਵੀ ਪਾਏ। ਇਸ ਮੌਕੇ ਟਰੱਸਟ ਆਗੂਆਂ ਨੇ ਕਿਹਾ ਕਿ ਪ੍ਰਿੰਸ ਨੇ ਦੇਸ਼ ਦੀ ਸਭ ਤੋਂ ਉਚੀ, ਕਠਿਨ ਅਤੇ ਵੱਕਾਰੀ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਸਮੁੱਚੇ ਇਲਾਕੇ ਦਾ ਨਾਂਅ ਚਮਕਾਇਆ ਹੈ। ਜ਼ਿਕਰਯੋਗ ਹੈ ਕਿ ਰਣਧੀਰ ਸਿੰਘ ਵਾਂਦਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੂਰੇਵਾਲਾ ਨਾਲ ਸਬੰਧਤ ਹਨ ਅਤੇ ਉਨਾਂ ਨੇ ਬਿਜਲੀ ਬੋਰਡ ਦੀ ਸਾਰੀ ਸਰਵਿਸ ਮੁਕਤਸਰ ਵਿਖੇ ਹੀ ਕੀਤੀ ਹੈ ਅਤੇ ਇਥੋਂ ਹੀ ਸੰਨ 2020 ਵਿਚ ਸੇਵਾ ਮੁਕਤ ਹੋਏ ਹਨ। ਗੱਲਬਾਤ ਦੌਰਾਨ ਐਡਵੋਕੇਟ ਪ੍ਰਿੰਸ ਨੇ ਆਪਣੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਮਾਪਿਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਿਸ ਨੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਨਿੱਗਰ ਸਮਾਜ ਦੀ ਸਥਾਪਨਾ ਵਿਚ ਯੋਗਦਾਨ ਪਾਉਣ ਲਈ ਵੀ ਪ੍ਰੇਰਨਾ ਦਿਤੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਵੱਲੋਂ ਪ੍ਰਿੰਸ ਅਰਸ਼ਦੀਪ ਨੂੰ ਯਾਗਦਾਰੀ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਬਾਅਦ ਵਿਚ ਟਰੱਸਟ ਆਗੂਆਂ ਵੱਲੋਂ ਹਰਿੰਦਰਾ ਨਗਰ ਵਿਖੇ ਜਾ ਕੇ ਪ੍ਰਿੰਸ ਦੇ ਉਮਰ ਦਰਾਜ ਨਾਨਾ ਬਿਜਲੀ ਬੋਰਡ ਵਿਚੋਂ ਬਤੌਰ ਸੁਪਰਡੈਂਟ ਸੇਵਾ ਮੁਕਤ ਬਸੰਤ ਸਿੰਘ ਅਤੇ ਨਾਨੀ ਸੇਵਾ ਮੁਕਤ ਬੀ.ਪੀ.ਈ.ਓ. ਹਰਮੀਤ ਕੌਰ ਨੂੰ ਵੀ ਉਹਨਾਂ ਦੇ ਦੋਹਤੇ ਦੀ ਸ਼ਾਨਦਾਰ ਸਫਲਤਾ ’ਤੇ ਵਧਾਈ ਦਿੱਤੀ।