
Skip to content

ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ) : ਮੋਹਾਲੀ ਦੇ ਸੈਕਟਰ-87 ਵਿੱਚ ਪ੍ਰਾਪਰਟੀ ਕਾਰੋਬਾਰੀ ਅਮਨਦੀਪ ਸਿੰਘ ਦਾ ਚਾਕੂ ਅਤੇ ਰਾਡਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਭਰਾ ਪਰਦੀਪ ਸਿੰਘ ਅਤੇ ਉਸ ਦੇ ਇੱਕ ਅਣਪਛਾਤੇ ਸਾਥੀ ’ਤੇ ਕਤਲ ਦੇ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਮੁਤਾਬਕ ਕਤਲ ਪਿੱਛੇ ਜਾਇਦਾਦ ਦੀ ਵਸੀਅਤ ਨੂੰ ਲੈ ਕੇ ਚੱਲ ਰਿਹਾ ਵਿਵਾਦ ਕਾਰਨ ਬਣਿਆ।
ਰਮਨਦੀਪ ਕੌਰ ਅਨੁਸਾਰ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਉਸ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਮਾਤਾ ਨੇ ਰਮਨਦੀਪ ਕੌਰ ਨੂੰ ਜਾਇਦਾਦ ਦਾ ਵਾਰਸ ਬਣਾਇਆ ਸੀ, ਜਦਕਿ ਉਸ ਦੇ ਭਰਾ ਪਰਦੀਪ ਸਿੰਘ ਨੂੰ ਵਾਰਸ ਨਹੀਂ ਬਣਾਇਆ ਗਿਆ ਸੀ। ਇਸ ਗੱਲ ਨੂੰ ਲੈ ਕੇ ਪਰਦੀਪ ਕਥਿਤ ਤੌਰ ’ਤੇ ਰੰਜਿਸ਼ ਰੱਖਦਾ ਸੀ।
ਸ਼ਿਕਾਇਤ ਮੁਤਾਬਕ 18 ਅਗਸਤ ਨੂੰ ਸ਼ਾਮ ਕਰੀਬ 5:40 ਵਜੇ ਪਰਦੀਪ ਸਿੰਘ ਆਪਣੇ ਇੱਕ ਸਾਥੀ ਨਾਲ ਸੈਕਟਰ-87 ਸਥਿਤ ਪ੍ਰਾਪਰਟੀ ਦਫ਼ਤਰ ਪਹੁੰਚਿਆ। ਇੱਥੇ ਵਸੀਅਤ ਵਿੱਚ ਆਪਣਾ ਨਾਮ ਨਾ ਹੋਣ ਨੂੰ ਲੈ ਕੇ ਅਮਨਦੀਪ ਨਾਲ ਉਸ ਦੀ ਤਕਰਾਰ ਹੋਈ। ਦੋਸ਼ ਹੈ ਕਿ ਇਸ ਤੋਂ ਬਾਅਦ ਪਰਦੀਪ ਨੇ ਚਾਕੂ ਨਾਲ ਅਮਨਦੀਪ ’ਤੇ ਹਮਲਾ ਕਰ ਦਿੱਤਾ।
ਅਮਨਦੀਪ ਜਾਨ ਬਚਾਉਣ ਲਈ ਦਫ਼ਤਰ ਦੇ ਪਿਛਲੇ ਪਾਸੇ ਭੱਜਿਆ, ਪਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਉੱਥੇ ਘੇਰ ਲਿਆ। ਰਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਪਰਦੀਪ ਨੇ ਚਾਕੂ ਨਾਲ ਅਮਨਦੀਪ ਦੀ ਗਰਦਨ ਅਤੇ ਸਰੀਰ ’ਤੇ ਵਾਰ ਕੀਤੇ, ਜਦਕਿ ਉਸ ਦੇ ਸਾਥੀ ਨੇ ਰਾਡ ਨਾਲ ਉਸ ਦੇ ਸਿਰ ਅਤੇ ਛਾਤੀ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਦੋਵੇਂ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਗੰਭੀਰ ਜ਼ਖ਼ਮੀ ਅਮਨਦੀਪ ਸਿੰਘ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੋਹਾਣਾ ਪੁਲਿਸ ਨੇ ਪਰਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਬੀਐਨਐਸ ਦੀ ਧਾਰਾ 103 ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਮੌਕੇ ਦੀ ਫੋਰੈਂਸਿਕ ਜਾਂਚ ਲਈ ਐੱਫ.ਐੱਸ.ਐੱਲ. ਟੀਮ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਦੇ ਨਾਲ-ਨਾਲ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ, ਘਟਨਾ ਦੀਆਂ ਸਥਿਤੀਆਂ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Related