ਸ੍ਰੀ ਮੁਕਤਸਰ ਸਾਹਿਬ,(ਮਿਤਲ) 30 ਮਾਰਚ : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਵੱਲੋਂ ਕਰੀਬ ਪੰਦਰਾਂ ਕੁ ਦਿਨ ਪਹਿਲਾਂ ਆਪਣੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪ੍ਰਭਜੋਤ ਕੌਰ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਸਮੇਂ ਉਪ ਜ਼ਿਲਾ ਸਿੱਖਿਆ ਅਫ਼ਸਰ ਹਰਜਿੰਦਰ ਸਿੰਘ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਮੁੱਖ ਰੂਪ ਵਿਚ ਸਥਾਨਕ ਗਾਂਧੀ ਨਗਰ ਸਥਿਤ ਮਸਾਂ ਚਾਰ ਕੁ ਫੁੱਟ ਦੀ ਮੇਨ ਐਂਟਰੀ ਵਾਲੇ ਇੱਕ ਨਿੱਜੀ ਸਕੂਲ ਅਤੇ ਸਰਕਾਰੀ ਸ਼ਰਤਾਂ ਸਮੇਤ ਹੋਰਨਾਂ ਮਾਪਦੰਡਾਂ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਹੋਰਨਾਂ ਪ੍ਰਾਈਵੇਟ ਸਕੂਲਾਂ ਬਾਰੇ ਵੀ ਡੀ.ਈ.ਓ. ਨਾਲ ਗੱਲਬਾਤ ਕੀਤੀ ਗਈ ਸੀ। ਇਸਦੇ ਨਾਲ ਹੀ ਸਰਕਾਰੀ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲ ਸੰਚਾਲਕਾਂ ਵੱਲੋਂ ਨਵੇਂ ਵਿਦਿਅਕ ਵਰ੍ਹੇ ਲਈ ਨਵਾਂ ਦਾਖਲਾ ਕਰਨ ’ਤੇ ਰੋਕ ਲਗਾਉਣ ’ਤੇ ਮੰਗ ਵੀ ਕੀਤੀ ਗਈ ਸੀ। ਮੁਲਾਕਾਤ ਦੌਰਾਨ ਡੀ.ਈ.ਓ. ਨੇ ਇਸ ਸਬੰਧੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਸੀ। ਮਿਸ਼ਨ ਪ੍ਰਧਾਨ ਢੋਸੀਵਾਲ ਨੇ ਅੱਜ ਇਥੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਡੀ.ਈ.ਓ. ਨਾਲ ਹੋਈ ਉਕਤ ਮੁਲਾਕਾਤ ਮੌਕੇ ਮਿਸ਼ਨ ਵੱਲੋਂ ਉਠਾਏ ਗਏ ਨੁਕਤਿਆਂ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਆਉਂਦੀ ਪੰਜ ਅਪ੍ਰੈਲ ਬੁੱਧਵਾਾਰ ਨੂੰ ਸਵੇਰੇ 11 ਵਜੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਬੇਹੱਦ ਤੰਗ ਮੇਨ ਐਂਟਰੀ ਗੇਟ ਵਾਲੇ ਸਕੂਲ ਅਤੇ ਬਾਕੀ ਸਰਕਾਰੀ ਸ਼ਰਤਾਂ ਨਾਲ ਪੂਰੀਆਂ ਕਰਨ ਵਾਲੇ ਸਕੂਲਾਂ ਵੱਲੋਂ ਕੀਤਾ ਜਾਣ ਵਾਲਾ ਨਵਾਂ ਦਾਖਲਾ ਨਿਯਮਾਂ ਦੇ ਵਿਰੁੱਧ ਅਤੇ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ ਹੋਵੇਗਾ। ਜਿਸ ਲਈ ਜਿੰਮੇਵਾਰ ਜ਼ਿਲੇ ਦੇ ਸਿੱਖਿਆ ਵਿਭਾਗ ਦੇ ਸੰਬੰਧਤ ਅਧਿਕਾਰੀ/ਕਰਮਚਾਰੀ ਹੋਣਗੇ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਮੀਟਿੰਗ ਦੀ ਸੂਚਨਾ ਅਤੇ ਏਜੰਡੇ ਲਈ ਲਿਖਤੀ ਤੌਰ ’ਤੇ ਸੰਬੰਧਤ ਡੀ.ਈ.ਓ. ਨੂੰ ਪੱਤਰ ਭੇਜ ਦਿੱਤਾ ਗਿਆ ਹੈ।