ਸ੍ਰੀ ਮੁਕਤਸਰ ਸਾਹਿਬ, 12 ਫਰਵਰੀ (ਵਿਪਨ ਕੁਮਾਰ ਮਿਤੱਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਪਿਛਲੇ ਕਰੀਬ ਇਕ ਦਹਾਕੇ ਤੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਨੇਪੜੇ ਚਾੜਦੀ ਆ ਰਹੀ ਹੈ। ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹੋਣਹਾਰ ਸਖਸ਼ੀਅਤਾਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਨੇੜਲੇ ਪਿੰਡ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਮੈਡੀਕਲ ਸਟਰੀਮ ’ਚ 10+1 ਦੀ ਹੋਣਹਾਰ ਵਿਦਿਆਰਥਣ ਨੇ ਰਾਜ ਪੱਧਰੀ ਇੰਗਲਿਸ਼ ਭਾਸ਼ਣ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪਣੇ ਮਾਂ-ਬਾਪ, ਸਕੂਲ ਸਟਾਫ ਅਤੇ ਇਲਾਕਾ ਨਿਵਾਸੀਆਂ ਨੂੰ ਚਾਰ ਚੰਨ ਲਗਾਏ। ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਸਮਰੀਤ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਉੱਚ ਪੱਧਰੀ ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਾਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਪ੍ਰਦੀਪ ਧੂੜੀਆ, ਡਾ. ਸੁਰਿੰਦਰ ਗਿਰਧਰ ਅਤੇ ਨਰਿੰਦਰ ਕਾਕਾ ਤੋਂ ਇਲਾਵਾ ਸਮਰੀਤ ਦੇ ਪਿਤਾ ਲਖਵਿੰਦਰ ਸਿੰਘ, ਮਾਤਾ ਵੀਰਪਾਲ ਕੌਰ ਅਤੇ ਛੋਟੇ ਭਰਾ ਗੁਰਵੀਰ ਇੰਦਰ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ। ਸਨਮਾਨ ਸਮਾਰੋਹ ਦੌਰਾਨ ਮਿਸ਼ਨ ਮੁਖੀ ਸ੍ਰੀ ਢੋਸੀਵਾਲ ਅਤੇ ਹੋਰਨਾਂ ਨੇ ਸਮਰੀਤ ਕੌਰ ਨੂੰ ਸ਼ਾਨਦਾਰ ਮੋਮੈਂਟੋ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤਾ। ਜਿਕਰਯੋਗ ਹੈ ਕਿ ਕੋਈ ਹਫਤਾ ਕੁ ਪਹਿਲਾਂ ਹੋਣਹਾਰ ਸਮਰੀਤ ਨੇ ਪੰਜਾਬ ਦੇ ਸਾਰੇ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਦੇ ਹੋਏ ਰਾਜ ਪੱਧਰੀ ਅੰਗਰੇਜ਼ੀ ਦੀ ਭਾਸ਼ਣ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਸਨਮਾਨ ਦੇਣ ਉਪਰੰਤ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਹੋਣਹਾਰ ਵਿਦਿਆਰਥੀ ਸਮੁੱਚੇ ਵਿਭਾਗ ਅਤੇ ਇਲਾਕੇ ਦੀ ਮਾਣਮੱਤੀ ਸ਼ਾਨ ਹੁੰਦੇ ਹਨ। ਇਸ ਮੌਕੇ ਸਮਰੀਤ ਦੇ ਪਰਿਵਾਰਕ ਮੈਂਬਰਾਂ ਨੇ ਮਿਸ਼ਨ ਵੱਲੋਂ ਉਹਨਾਂ ਦੀ ਸਪੁੱਤਰੀ ਨੂੰ ਸਨਮਾਨਤ ਕੀਤੇ ਜਾਣ ਨੂੰ ਬੇਹੱਦ ਸ਼ਲਾਗੋਗ ਕਦਮ ਦੱਸਿਆ ਹੈ। ਮੀਟਿੰਗ ਉਪਰੰਤ ਪ੍ਰਧਾਨ ਢੋਸੀਵਾਲ ਨੇ ਜਾਣਕਾਰੀ ਦਿਤੀ ਕਿ ਆਪਣੇ ਸਿਹਤ ਕਾਰਨਾਂ ਕਰਕੇ ਆਪਣੇ ਨਿੱਜੀ ਡਾਕਟਰ ਦੀ ਸਲਾਹ ’ਤੇ ਅਗਲੇ ਤਿੰਨ ਚਾਰ ਦਿਨ ਲਈ ਸਾਰੀਆਂ ਸਮਾਜਿਕ ਤੇ ਜਥੇਬੰਦਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿਤਾ ਹੈ।