ਜ਼ੀਰਾ: ਜ਼ੀਰਾ ਅਧੀਨ ਆਉਂਦੇ ਪਿੰਡ ਬਹਿਕ ਪਛਾੜੀਆਂ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਨੂੰ ਵੱਢ ਕੇ ਕਤਲ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਜ਼ੀਰਾ ਪੁਲਿਸ ਨੇ ਇਕ ਵਿਅਕਤੀ ਖਿਲਾਫ 13 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਵੰਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਬਹਿਕ ਪਛਾੜੀਆਂ ਨੇ ਦੱਸਿਆ ਕਿ ਉਹ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਸ ਦੀ ਮਾਤਾ ਦੀ ਕਰੀਬ 6-7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਾਕਮ ਸਿੰਘ (60-65 ਸਾਲ) ਪੁੱਤਰ ਨਿਰੰਜਨ ਸਿੰਘ ਵਾਸੀ ਬਹਿਕ ਪਛਾੜੀਆਂ ਆਪਣੀ ਸਬਜ਼ੀ ਦੀ ਰੇਹੜੀ ਨੈਸ਼ਨਲ ਹਾਈਵੇ ਜ਼ੀਰਾ ਤੋਂ ਮਖੂ ‘ਤੇ ਉਸ ਦੇ ਘਰਾਂ ਨੂੰ ਜਾਂਦੇ ਰਸਤੇ ਨੇੜੇ ਲਗਾਉਂਦਾ ਹੈ। ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਰੋਜ਼ ਦੀ ਤਰ੍ਹਾਂ ਰੇਹੜੀ ਲਗਾਈ ਹੋਈ ਸੀ ਤਾਂ ਦੋਸ਼ੀ ਜਗਸੀਰ ਸਿੰਘ ਉਰਫ ਸ਼ੀਰਾ ਪੁੱਤਰ ਅਨੈਤ ਵਾਸੀ ਬਹਿਕ ਗੁੱਜਰਾਂ ਨੇ ਉਸ ਦੇ ਪਿਤਾ ਹਾਕਮ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਮੁੱਖ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।