ਚੰਡੀਗੜ੍ਹ: ਨਕੋਦਰ ਗੋਲੀ ਕਾਂਡ ਜਾਂਚ ਲਈ ਸਿਲੈਕਟ ਕਮੇਟੀ ਅੱਗੇ ਸਾਬਕਾ IAS ਅਧਿਕਾਰੀ ਪੇਸ਼, ਐਸਆਈਟੀ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਤੇਜ਼

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)   :- ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਵਲੋਂ 1986 ਦੇ ਨਕੋਦਰ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਸਿਲੈਕਟ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਦੋ ਸਾਬਕਾ ਆਈਏਐਸ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਗਏ। ਕਮੇਟੀ ਦੇ ਚੇਅਰਮੈਨ ਡਾ. ਇੰਦਰਬੀਰ ਸਿੰਘ ਨਿੱਜਰ ਅਨੁਸਾਰ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਅਤੇ ਦਰਬਾਰਾ ਸਿੰਘ ਗੁਰੂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਲਈ ਤਲਬ ਕੀਤਾ ਗਿਆ ਸੀ, ਕਿਉਂਕਿ ਮਾਮਲਾ ਕਾਫੀ ਪੁਰਾਣਾ ਹੋਣ ਕਾਰਨ ਪੂਰਾ ਰਿਕਾਰਡ ਉਪਲਬਧ ਨਹੀਂ ਹੈ।

ਦੋਵੇਂ ਅਧਿਕਾਰੀਆਂ ਨੇ ਕਮੇਟੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਸਵਾਲਾਂ ਦੇ ਖੁਲ੍ਹੇ ਤੌਰ ‘ਤੇ ਜਵਾਬ ਦਿੱਤੇ। ਦਰਬਾਰਾ ਸਿੰਘ ਗੁਰੂ ਉਸ ਸਮੇਂ ਜਲੰਧਰ ਦੇ ਡਿਪਟੀ ਕਮਿਸ਼ਨਰ ਰਹੇ ਹਨ, ਜਦਕਿ ਬਾਅਦ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਰਹੇ।

ਨਿੱਜਰ ਨੇ ਕਿਹਾ ਕਿ ਸਾਰੇ ਪੱਖਾਂ ਤੋਂ ਜਾਣਕਾਰੀ ਇਕੱਠੀ ਕਰਕੇ ਨਕੋਦਰ ਗੋਲੀ ਕਾਂਡ ਦੀ ਰਿਪੋਰਟ ਜਲਦੀ ਤਿਆਰ ਕੀਤੀ ਜਾਵੇਗੀ।

ਇਸ ਦੌਰਾਨ ਪੰਜਾਬ ਸਰਕਾਰ ਨੇ 2015 ਨਾਲ ਸੰਬੰਧਿਤ ਬੇਅਦਬੀ ਮਾਮਲਿਆਂ ਦੀ ਜਾਂਚ ਤੇਜ਼ ਕਰਨ ਲਈ ਨਵੀਂ ਐਸਆਈਟੀ ਗਠਿਤ ਕੀਤੀ ਹੈ। ਇਸ ਐਸਆਈਟੀ ਦਾ ਚੇਅਰਮੈਨ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੂੰ ਬਣਾਇਆ ਗਿਆ ਹੈ, ਜਦਕਿ ਟੀਮ ਵਿੱਚ ਕਈ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਕੀਤੇ ਗਏ ਹਨ।

ਸਰਕਾਰ ਵੱਲੋਂ ਲੰਬਿਤ ਬੇਅਦਬੀ ਮਾਮਲਿਆਂ ਨੂੰ ਜਲਦੀ ਨਿਪਟਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਨਾਲ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ।