ਭਾਰਤੀ ਸਮੁੰਦਰੀ ਫ਼ੌਜ ਦੇ ਫਰੰਟਲਾਈਨ ਫ੍ਰੀਗੇਟ ਆਈ.ਐੱਨ.ਐੱਸ. ਤਰਕਸ਼ ਨੇ ਪਛਮੀ ਹਿੰਦ ਮਹਾਸਾਗਰ ’ਚ 2,500 ਕਿਲੋਗ੍ਰਾਮ ਤੋਂ ਜ਼ਿਆਦਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦਸਿਆ ਕਿ ਸਮੁੰਦਰੀ ਫ਼ੌਜ ਨੂੰ 31 ਮਾਰਚ ਨੂੰ ਕੁੱਝ ਜਹਾਜ਼ਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ।

    ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਆਸ-ਪਾਸ ਦੇ ਸਾਰੇ ਸ਼ੱਕੀ ਜਹਾਜ਼ਾਂ ਤੋਂ ਯੋਜਨਾਬੱਧ ਤਰੀਕੇ ਨਾਲ ਪੁੱਛ-ਪੜਤਾਲ ਕਰਨ ਤੋਂ ਬਾਅਦ ਆਈ.ਐਨ.ਐਸ. ਤਰਕਸ਼ ਨੇ ਪੀ8ਆਈ ਸਮੁੰਦਰੀ ਨਿਗਰਾਨੀ ਜਹਾਜ਼ ਅਤੇ ਮੁੰਬਈ ਦੇ ਮੈਰੀਟਾਈਮ ਆਪਰੇਸ਼ਨ ਸੈਂਟਰ ਨਾਲ ਤਾਲਮੇਲ ਦੇ ਯਤਨਾਂ ਸਦਕਾ ਇਕ ਸ਼ੱਕੀ ਜਹਾਜ਼ ਨੂੰ ਰੋਕਿਆ ਅਤੇ ਉਸ ਵਿਚ ਸਵਾਰ ਹੋ ਗਿਆ।

    ਇਸ ਤੋਂ ਇਲਾਵਾ ਜਹਾਜ਼ ਨੇ ਸ਼ੱਕੀ ਜਹਾਜ਼ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਖੇਤਰ ਵਿਚ ਕੰਮ ਕਰ ਰਹੇ ਹੋਰ ਜਹਾਜ਼ਾਂ ਦੀ ਪਛਾਣ ਕਰਨ ਲਈ ਅਪਣਾ ਹੈਲੀਕਾਪਟਰ ਭੇਜਿਆ। ਅਧਿਕਾਰੀ ਨੇ ਦਸਿਆ ਕਿ ਸਮੁੰਦਰੀ ਕਮਾਂਡੋਜ਼ ਦੇ ਨਾਲ ਇਕ ਮਾਹਰ ਬੋਰਡਿੰਗ ਟੀਮ ਸ਼ੱਕੀ ਜਹਾਜ਼ ’ਤੇ ਸਵਾਰ ਹੋਈ ਅਤੇ ਪੂਰੀ ਤਲਾਸ਼ੀ ਲਈ, ਜਿਸ ਤੋਂ ਵੱਖ-ਵੱਖ ਸੀਲਬੰਦ ਪੈਕੇਟ ਬਰਾਮਦ ਹੋਏ।

    ਉਨ੍ਹਾਂ ਦਸਿਆ ਕਿ ਹੋਰ ਤਲਾਸ਼ੀ ਅਤੇ ਪੁੱਛ-ਪੜਤਾਲ ਤੋਂ ਪਤਾ ਲੱਗਿਆ ਕਿ ਜਹਾਜ਼ ’ਤੇ ਵੱਖ-ਵੱਖ ਕਾਰਗੋ ਹੋਲਡਾਂ ਅਤੇ ਡੱਬਿਆਂ ਵਿਚ 2,500 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ (2,386 ਕਿਲੋਗ੍ਰਾਮ ਹਸ਼ੀਸ਼ ਅਤੇ 121 ਕਿਲੋਗ੍ਰਾਮ ਹੈਰੋਇਨ ਸਮੇਤ) ਸਟੋਰ ਕੀਤੇ ਗਏ ਸਨ।

    ਬੁਲਾਰੇ ਨੇ ਦਸਿਆ ਕਿ ਸ਼ੱਕੀ ਜਹਾਜ਼ ਨੂੰ ਬਾਅਦ ’ਚ ਆਈ.ਐਨ.ਐਸ. ਤਰਕਸ਼ ਦੇ ਕੰਟਰੋਲ ’ਚ ਲਿਆਂਦਾ ਗਿਆ ਅਤੇ ਚਾਲਕ ਦਲ ਤੋਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਖੇਤਰ ’ਚ ਹੋਰ ਸਮਾਨ ਜਹਾਜ਼ਾਂ ਦੀ ਮੌਜੂਦਗੀ ਬਾਰੇ ਵਿਆਪਕ ਪੁੱਛ-ਪੜਤਾਲ ਕੀਤੀ ਗਈ।