ਲੁਧਿਆਣਾ ‘ਚ ਫਿਰ ਖ਼ਰਾਬ ਹਾਲਤ ‘ਚ ਨਜ਼ਰ ਆਇਆ ਰਾਸ਼ਟਰੀ ਝੰਡਾ, ਲੋਕਾਂ ਨੇ ਜਤਾਈ ਨਾਰਾਜ਼ਗੀ

ਲੁਧਿਆਣਾ ਦੇ ਪਾਖੋਵਾਲ ਰੋਡ ਸਥਿਤ ਸਿੱਧਵਾਂ ਨਹਿਰ ਆਰਓਬੀ ਨੇੜੇ ਲਗਾਇਆ ਗਿਆ ਭਾਰਤ ਦਾ ਰਾਸ਼ਟਰੀ ਝੰਡਾ ਇਕ ਵਾਰ ਫਿਰ ਖ਼ਰਾਬ ਹਾਲਤ ਵਿੱਚ ਨਜ਼ਰ ਆਇਆ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਤਿਰੰਗਾ ਨੁਕਸਾਨਗ੍ਰਸਤ ਹੋ ਗਿਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਨਾਰਾਜ਼ਗੀ ਵੇਖਣ ਨੂੰ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਸਥਾਨ ‘ਤੇ ਲੱਗਾ ਰਾਸ਼ਟਰੀ ਝੰਡਾ ਖ਼ਰਾਬ ਹੋਣ ਕਾਰਨ ਹਟਾਇਆ ਗਿਆ ਸੀ। ਹਾਲ ਹੀ ਵਿੱਚ ਨਵਾਂ ਤਿਰੰਗਾ ਲਗਾਇਆ ਗਿਆ ਸੀ, ਪਰ ਉਹ ਵੀ ਆਮ ਤੇਜ਼ ਹਵਾਵਾਂ ਦਾ ਸਾਹਮਣਾ ਨਹੀਂ ਕਰ ਸਕਿਆ। ਇਸ ਘਟਨਾ ਤੋਂ ਬਾਅਦ ਝੰਡੇ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਝੰਡਾ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਜਿਹੇ ਵਿੱਚ ਜਨਤਕ ਸਥਾਨ ‘ਤੇ ਫਟੇ ਹੋਏ ਤਿਰੰਗੇ ਦਾ ਲਹਿਰਾਉਣਾ ਠੀਕ ਨਹੀਂ ਅਤੇ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਇਸ ਮਾਮਲੇ ‘ਚ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ (ਡੀਸੀ) ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖ਼ਰਾਬ ਹੋਏ ਰਾਸ਼ਟਰੀ ਝੰਡੇ ਨੂੰ ਤੁਰੰਤ ਬਦਲ ਕੇ ਨਵਾਂ ਤਿਰੰਗਾ ਲਗਾਇਆ ਜਾਵੇ ਅਤੇ ਭਵਿੱਖ ਵਿੱਚ ਉੱਚ ਗੁਣਵੱਤਾ ਵਾਲੇ ਰਾਸ਼ਟਰੀ ਝੰਡੇ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਉਸ ਦੀ ਗਰਿਮਾ ਅਤੇ ਸਨਮਾਨ ਹਰ ਵੇਲੇ ਬਣਿਆ ਰਹੇ।