ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਨਰਿੰਦਰ ਮੋਦੀ ਨੂੰ ਨੇਤਾ ਚੁਣਨ ਲਈ ਸ਼ੁੱਕਰਵਾਰ ਯਾਨੀ ਅੱਜ ਬੈਠਕ ਕਰਨਗੇ। ਇਸ ਨਾਲ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਜਾਵੇਗਾ। ਸਹੁੰ ਚੁੱਕ ਸਮਾਗਮ ਐਤਵਾਰ ਨੂੰ ਹੋ ਸਕਦਾ ਹੈ।
ਗਠਜੋੜ ਦੇ ਕੁੱਝ ਮੈਂਬਰਾਂ ਨੇ ਕਿਹਾ ਕਿ ਮੋਦੀ ਦੇ ਐਨਡੀਏ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਗਠਜੋੜ ਦੇ ਸੀਨੀਅਰ ਮੈਂਬਰ ਜਿਵੇਂ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਅਤੇ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਸੰਸਦ ਮੈਂਬਰਾਂ ਦੀ ਸੂਚੀ ਸੌਂਪਣਗੇ। ਉਨ੍ਹਾਂ ਕਿਹਾ ਕਿ ਮੋਦੀ ਹਫ਼ਤੇ ਅੰਤ ‘ਚ, ਸੰਭਾਵਤ ਤੌਰ ‘ਤੇ ਐਤਵਾਰ ਨੂੰ ਸਹੁੰ ਚੁੱਕ ਸਕਦੇ ਹਨ।
ਐਨਡੀਏ ਦੇ 293 ਸੰਸਦ ਮੈਂਬਰ ਹਨ, ਜੋ ਕਿ 543 ਮੈਂਬਰੀ ਲੋਕ ਸਭਾ ਵਿਚ 272 ਦੇ ਬਹੁਮਤ ਅੰਕ ਤੋਂ ਵੱਧ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਸੀਨੀਅਰ ਆਗੂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਗਠਜੋੜ ਦੇ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ।