ਆਮ ਆਦਮੀ ਪਾਰਟੀ (ਆਪ) ਦੀ ਆਗੂ ਆਤਿਸ਼ੀ ਨੇ ਪੰਜ ਕੈਬਨਿਟ ਮੰਤਰੀਆਂ ਸਮੇਤ ਰਾਜ ਨਿਵਾਸ ਵਿਖੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ ਹੈ। ਪਾਰਟੀ ਵੱਲੋਂ ਐਲਾਨੇ ਗਏ ਨਵੇਂ ਮੰਤਰੀ ਮੰਡਲ ਵਿੱਚ ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਿਲਾਵਤ ਤੋਂ ਇਲਾਵਾ ਮੰਤਰੀ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਸ਼ਾਮਲ ਹਨ।
ਦੱਸਣਯੋਗ ਹੈ ਕਿ ਆਤਿਸ਼ੀ ਦੇਸ਼ ਦੀ 17ਵੀਂ ਮਹਿਲਾ ਮੁੱਖ ਮੰਤਰੀ ਹੋਵੇਗੀ। ਸ਼ੁੱਕਰਵਾਰ ਸ਼ਾਮ ਨੂੰ ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਤਿਸ਼ੀ ਨੂੰ ਸਹੁੰ ਚੁੱਕਣ ਦੀ ਮਿਤੀ ਤੋਂ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਅਤੇ ਅਰਵਿੰਦ ਕੇਜਰੀਵਾਲ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਪੰਜ ਮੰਤਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ‘ਆਪ’ ਵਿਧਾਇਕਾਂ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਬੈਠਕ ਦੌਰਾਨ ਸਰਬਸੰਮਤੀ ਨਾਲ ਆਤਿਸ਼ੀ ਨੂੰ ਸੱਤਾਧਾਰੀ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ।