ਜਲੰਧਰ:(ਵਿੱਕੀ ਸੂਰੀ)- ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਜ਼ਿਲ੍ਹਾ ਜਲੰਧਰ ਵੱਲੋਂ ਨਵੀਂ ਸਿੱਖਿਆ ਨੀਤੀ-2020 ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ 3 ਅਪ੍ਰੈਲ 2022 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਨਵੈਂਨਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁਲਾਜ਼ਮ ਆਗੂ ਨਿਰਮੋਲਕ ਸਿੰਘ ਹੀਰਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੰਗਲਜੀਤ ਸਿੰਘ ਪੰਡੋਰੀ ਅਤੇ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹੇ ਅੰਦਰ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਕਨਵੈਂਨਸ਼ਨ ਠੀਕ 11:00 ਵਜੇ ਸ਼ੁਰੂ ਹੋਵੇਗੀ। ਇਸ ਕਨਵੈਂਨਸ਼ਨ ਦੇ ਮੁੱਖ ਬੁਲਾਰੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਹੋਣਗੇ। ਇਹ ਕਨਵੈਨਸ਼ਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਕੀਤੀ ਸਿੱਖਿਆ ਨੀਤੀ-2020 ਦੀ ਚੀੜ-ਫਾੜ ਕਰਨ ਅਤੇ ਸਿੱਖਿਆ ਦਾ ਭਗਵਾਂਕਰਨ ਅਤੇ ਨਿੱਜੀਕਰਨ ਨੂੰ ਬੜਾਵਾ ਦਿੰਦੇ ਹੋਏ ਆਮ ਲੋਕਾਂ ਤੋਂ ਸਿੱਖਿਆ ਪ੍ਰਾਪਤੀ ਦਾ ਹੱਕ, ਪੱਕੀਆਂ ਨੌਕਰੀਆਂ ਦਾ ਹੱਕ ਖੋਹਣ ਵੱਲ ਨੂੰ ਸੇਧਤ ਹੋਵੇਗੀ । ਇਸ ਕਨਵੈਂਨਸ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਨ ਲਈ ਗੁਰਮੀਤ ਸਿੰਘ ਕੋਟਲੀ, ਕੁਲਵਿੰਦਰ ਸਿੰਘ ਜੋਸ਼ਨ, ਵੀਰ ਕੁਮਾਰ ਕਰਤਾਰਪੁਰ, ਮੰਗਲਜੀਤ ਸਿੰਘ ਪੰਡੋਰੀ ਅਤੇ ਤੀਰਥ ਸਿੰਘ ਬਾਸੀ ‘ਤੇ ਆਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਕੁਲਦੀਪ ਵਾਲੀਆ ਬਿਲਗਾ,ਜਗੀਰ ਸਿੰਘ,ਅਨਿਲ ਸ਼ਰਮਾ, ਸੰਦੀਪ ਰਾਜੋਵਾਲ,ਪਰਨਾਮ ਸਿੰਘ ਸੈਣੀ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।