ਸੰਗਰੂਰ,(ਗੁਲਜ਼ਾਰ ਮੱਲੀ)- ਸ਼ਹਿਰ ’ਚ ਇਕ ਬਹੁਤ ਹੀ ਮੰਦਭਾਗੀ ਤੇ ਦਰਦਨਾਕ ਘਟਨਾ ਦੇਖਣ ਨੂੰ ਮਿਲੀ, ਇਥੇ ਟੋਭੇ ਨੇੜੇ ਝਾੜੀਆਂ ਵਿਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਬੱਚੇ ਦੀ ਲਾਸ਼ ਨੂੰ ਇਕ ਆਵਾਰਾ ਕੁੱਤਾ ਆਪਣੇ ਮੂੰਹ ‘ਚ ਚੁੱਕੀ ਜਾ ਰਿਹਾ ਸੀ, ਇਸੇ ਦੌਰਾਨ ਕੋਲੋਂ ਲੰਘਦੇ ਇੱਕ ਵਿਅਕਤੀ ਨੇ ਬੱਚੇ ਦੀ ਲਾਸ਼ ਨੂੰ ਕੁੱਤੇ ਦੇ ਚੁੰਗਲ ‘ਚੋ ਛੁਡਵਾਇਆ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੀ ਚਹਿਲਾਂ ਪੱਤੀ ਨੇੜੇ ਡੇਰਾ ਬਾਬਾ ਜੋਗੀ ਪੀਰ ਵਿਖੇ ਰਹਿੰਦੇ ਨਾਹਰ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਹ ਸਬਜੀ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਸਵੇਰੇ ਸ਼ਹਿਰ ‘ਚ ਸਬਜੀ ਵਗੈਰਾ ਵੇਚ ਕੇ ਕਰੀਬ ਸਾਢੇ ਕੁ 7 ਵਜੇ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਤੂਰ ਪੱਤੀ ਵਾਲੇ ਟੋਭੇ ਦੇ ਕੋਲ ਨੇੜੇ ਇਕ ਕੁੱਤਾ ਨਵਜੰਮੇ ਬੱਚੇ ਦੀ ਲਾਸ਼ ਨੂੰ ਮੂੰਹ ਵਿਚ ਚੁੱਕੀ ਜਾ ਰਿਹਾ ਸੀ ਅਤੇ ਉਸਨੇ ਆਪਣਾ ਸਾਇਕਲ ਰੋਕ ਕੇ ਕੁੱਤੇ ਪਾਸੋਂ ਬੱਚੇ ਨੂੰ ਛੁੱਡਾ ਕੇ ਕੁੱਤੇ ਨੂੰ ਭਜਾ ਦਿੱਤਾ ਅਤੇ ਦੇਖਣ ‘ਤੇ ਪਤਾ ਲੱਗਿਆ ਕਿ ਇਹ ਕਿਸੇ ਨਾ ਮਾਲੂਮ ਨਵਜੰਮੇ ਬੱਚੇ ਦੀ ਲਾਸ਼ ਸੀ, ਜਿਸਨੂੰ ਕੋਈ ਵਿਅਕਤੀ ਲਾਸ਼ ਦਾ ਨਿਬੇੜਾ ਕਰਨ ਲਈ ਝਾੜੀਆਂ ‘ਚ ਸੁੱਟ ਗਿਆ। ਨਾਹਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦੇਣ ਉਪਰੰਤ ਉਸਨੇ ਪੁਲਸ ਦੇ ਨਾਲ ਜਾ ਕੇ ਬੱਚੇ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ। ਐੱਸ.ਐੱਮ.ਓ ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਸਰੀਰ ‘ਤੇ ਸੋਜਿਸ਼ ਸੀ। ਡਾਕਟਰਾਂ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤਾ। ਓਧਰ ਪੁਲਸ ਅਧਿਕਾਰੀ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪੋਸਟਮਾਰਟਮ ਕਰਵਾਉਣ ਉਪਰੰਤ ਪੁਲਸ ਵੱਲੋਂ ਬੱਚੇ ਦੀ ਲਾਸ਼ ਨੂੰ ਸਮਸ਼ਾਨ ਘਾਟ ਵਿਖੇ ਦਫਨਾ ਦਿੱਤਾ ਗਿਆ ਹੈ। ਪੁਲਸ ਨੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ/ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।