ਪੰਜਾਬ(ਜਤਿੰਦਰ ਪਿੰਕਲ )-ਪੰਜਾਬ ‘ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਇਕ ਨੋਜਵਾਨ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਡਿੱਗਦਾ ਨਜ਼ਰ ਆ ਰਿਹਾ ਸੀ । ਇਸ ਤਰ੍ਹਾਂ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਫਿਰੋਜ਼ਪੁਰ ਦੇ ਕਸਬਾ ਸ਼ੇਖਾ ਵਾਲੀ ਬਸਤੀ ਨੇੜੇ ਦਾ ਦੱਸਿਆ ਜਾ ਰਹਿਆ ਹੈ।ਸ਼ਹਿਰ ਦੇ ਕਸਬਾ ਸ਼ੇਖਾਵਾਲੀ ‘ਚ ਕਿਸ ਹੱਦ ਤੱਕ ਨਸ਼ਾ ਵਿਕ ਰਿਹਾ ਹੈ,ਇਸ ਦਾ ਅੰਦਾਜ਼ਾ ਨਸ਼ੇ ’ਚ ਧੁੱਤ ਔਰਤ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਔਰਤ ਦੀ ਸੜਕ ‘ਤੇ ਠੋਕਰਾਂ ਖਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਔਰਤ ਇੱਕ ਕਦਮ ਵੀ ਤੁਰ ਨਹੀਂ ਪਾ ਰਹੀ ਹੈ। ਇੱਕ ਥਾਂ ਖਲੋ ਕੇ ਅਸਮਾਨ ਵੱਲ ਦੇਖ ਰਹੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਦੱਸ ਰਿਹਾ ਹੈ ਕਿ ਇਹ ਇਲਾਕਾ ਫਿਰੋਜ਼ਪੁਰ ਸ਼ਹਿਰ ਦੀ ਸ਼ੇਖਾ ਵਾਲੀ ਬਸਤੀ ਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਲਾਕੇ ਵਿੱਚ ਨਸ਼ਾ ਨਾ ਵਿਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।