ਸਿੱਖ ਇਤਿਹਾਸ ਅਤੇ ਗੁਰਬਾਣੀ ਅਨੁਸਾਰ ਜੀਵਨ ਹੰਢਾਉਣ ਵਾਲੇ ਪ੍ਰਚਾਰਕਾਂ, ਸੰਤਾਂ-ਮਹਾਂਪੁਰਖਾਂ ਨੇ ਆਪਣੇ ਪੱਧਰ ‘ਤੇ ਆਪਣੀਆਂ ਸੰਸਥਾਵਾਂ ਤੇ ਸੰਪਰਦਾਵਾਂ ਵੱਲੋਂ ਸਿੱਖ ਧਰਮ ਨੂੰ ਦੇਸ਼-ਵਿਦੇਸ਼ ਵਿਚ ਪ੍ਰਚਾਰਨ ਤੇ ਪ੍ਰਸਾਰਨ ਦੇ ਕਾਫੀ ਯਤਨ ਕੀਤੇ ਹਨ। ਦਮਦਮੀ ਟਕਸਾਲ ਦੇ ਮੁੱਖੀ ਵਜੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪ੍ਰਚਾਰ ਦਾ ਢੰਗ ਨਿਵੇਕਲਾ ਹੀ ਸੀ। ਉਨ੍ਹਾਂ ਦੇਸ਼ ਵਿਦੇਸ਼ ਵਿਚ ਵਿਚਰਦਿਆਂ ਆਪਣੇ ਜੱਥੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਕਰਦਿਆਂ ਹਜ਼ਾਰਾਂ ਪ੍ਰਚਾਰਕ, ਗ੍ਰੰਥੀ ਅਤੇ ਕਥਾਵਾਚਕ ਸਿੱਖ ਕੌਮ ਦੀ ਝੋਲੀ ਪਾਏ। 28 ਜੂਨ, 1969 ਨੂੰ ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ) ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੇ ਸੱਚਖੰਡ ਪਿਆਨੇ ਤੋਂ ਪਿੱਛੋਂ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਕੀਤਾ, ਉਹ ਆਪਣੀ ਮਿਸਾਲ ਆਪ ਹੀ ਹੈ। ਚੌਕ ਮਹਿਤਾ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਪਾਵਨ ਯਾਦ ਵਿਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਉਸਾਰੀ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ, ਕਸਬਿਆਂ ਵਿਸ਼ੇਸ਼ ਕਰਕੇ ਮਾਝੇ ਅਤੇ ਦੁਆਬੇ ਵਿਚ ਪ੍ਰਚਾਰ ਦੀ ਅਜਿਹੀ ਲਹਿਰ ਚਲਾਈ, ਜਿਸ ਦੇ ਸਦਕਾ ਲੱਖਾਂ ਪ੍ਰਾਣੀਆਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ।
ਉਨ੍ਹਾਂ ਵੱਲੋਂ ਚੱਲ ਰਹੀ ਧਰਮ ਪ੍ਰਚਾਰ ਦੀ ਸੇਵਾ ਦੌਰਾਨ ਉਸ ਸਮੇਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਗਾ ਕੇ ਸਾਰੀਆਂ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਇਸ ਉੱਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਨ੍ਹਾਂ ਪੰਜਾਬ ਦੇ ਅਣਖੀ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਖ਼ਾਤਰ 37 ਵੱਡੇ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਵਿਚ ਸਜਾ ਕੇ ਜਿਥੇ ਧਰਮ ਦਾ ਪ੍ਰਚਾਰ ਕੀਤਾ, ਉਥੇ ਨਾਲ ਹੀ ਐਮਰਜੈਂਸੀ ਦੇ ਵਿਰੋਧ ਵਿਚ ਲੱਖਾਂ ਲੋਕਾਂ ਨੂੰ ਲਾਮਬੰਦ ਕੀਤਾ। 1975 ਈ. ਵਿਚ ਐਮਰਜੈਂਸੀ ਦੇ ਸਮੇਂ ਦੌਰਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਦੌਰਾਨ ਉਨ੍ਹਾਂ ਅਨੇਕਾਂ ਕਾਲਜ, ਹਸਪਤਾਲ ਅਤੇ ਗੁਰੂ-ਘਰਾਂ ਦੀ ਉਸਾਰੀ ਕਰਵਾਈ। ਸੈਂਕੜੇ ਅਖੰਡ ਪਾਠ ਸਾਹਿਬ ਅਤੇ ਦੀਵਾਨਾਂ ਵਿਚ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ. ਹਕੂਮਤ ਦੀਆਂ ਕਮਜ਼ੋਰੀਆ ਦਾ ਪਰਦਾਫਾਸ਼ ਕੀਤਾ। ਸੰਨ 1975 ਈ: 11 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਦਾਸ (ਇਸ ਸਤਰਾਂ ਦਾ ਲੇਖਕ) ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਜਬਲਪੁਰ ਵਿਖੇ ਗੁ. ਸ੍ਰੀ ਮੜ੍ਹਾ ਤਾਲ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਇਥੇ ਵੀ ਸ਼ਹੀਦੀ ਸ਼ਤਾਬਦੀ ਸ਼ਰਧਾ ਨਾਲ ਮਨਾਈ।
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਜਨਮ 4 ਅਕਤੂਬਰ, 1932 ਨੂੰ ਕੁਰਬਾਨੀ ਦੇ ਪੁੰਜ ਪੰਥ ਦੇ ਮਹਾਨ ਸੇਵਕ ਜਥੇਦਾਰ ਝੰਡਾ ਸਿੰਘ ਦੇ ਘਰ ਮਾਤਾ ਲਾਭ ਕੌਰ ਦੀ ਕੁੱਖੋਂ ਪੱਟੀ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਵਿਚਲੇ ਪਿੰਡ ਪੁਰਾਣੇ ਭੂਰੇ (ਭੂਰੇ ਕੋਹਨਾ) ‘ਚ ਹੋਇਆ। ਗੁਰਮਤਿ ਦੀ ਵਿੱਦਿਆ ਉਨ੍ਹਾਂ ਪਿੰਡ ਵਿਚ ਹੀ ਬਾਬਾ ਬੱਗਾ ਸਿੰਘ ਜੀ ਤੋਂ ਪ੍ਰਾਪਤ ਕੀਤੀ। ਆਪ ਜੀ ਦੇ ਭਰਾ ਅਤੇ ਇਕ ਇਨ੍ਹਾਂ ਦੀ ਬੀਬੀ ਕਾਰ ਕੌਰ ਭੈਣ ਸੀ। ਉਨ੍ਹਾਂ ਅੰਮ੍ਰਿਤਸਰ ਤੋਂ ਉਨ੍ਹਾਂ ਐਫ ਏ. ਦਾ ਇਮਤਿਹਾਨ ਪਾਸ ਕੀਤਾ। 1948 ਵਿਚ ਆਪ ਦੀ ਭੂਆ ਦਾ ਪੁੱਤਰ ਭਗਤ ਉਜਾਗਰ ਸਿੰਘ ਸੇਵਾ ਸਿਮਰਨ ਬੰਦਗੀ ਕਰਨ ਵਾਲੇ ਉੱਚੀ ਅਵਸਥਾ ਦੇ ਮਾਲਕ, ਨਿਤਨੇਮੀ ਤੇ ਤਿਆਰ ਬਰ ਤਿਆਰ ਰਹਿਣ ਵਾਲੇ ਚੰਗੇ ਨਾਮ ਅਭਿਆਸੀ ਸਨ। ਦਾਸ ਲੇਖਕ ਜਦੋਂ ਜੱਥੇ ਵਿਚ ਮਹਾਂਪੁਰਖਾਂ ਤੋਂ ਵਿੱਦਿਆ ਪੜ੍ਹਦਾ ਸੀ ਉਸ ਸਮੇਂ ਵਿਚ ਭਗਤ ਜੀ ਦੇ ਦਰਸ਼ਨ ਕਰਨ ਦਾ ਕਈ ਵੇਰ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨੂੰ ਪਹਿਲੀ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕੋਲ ਲੈ ਕੇ ਆਇਆ ਉਸ ਸਮੇਂ ਆਪ ਜੀ ਨਾਲ ਘਰ ਦੇ ਪਰਿਵਾਰ ਦੇ ਮੈਂਬਰ ਵੀ ਸਨ। ਆਪ ਜੀ ਨੂੰ ਪੰਜਾਂ ਪਿਆਰਿਆਂ ਸਹਿਤ ਅਗਸਤ 1948 ਨੂੰ ਭਿੰਡਰਾਂ ਵਿਖੇ ਅੰਮ੍ਰਿਤਪਾਨ ਕਰਵਾਇਆ। 1950 ਵਿਚ 18 ਸਾਲ ਦੀ ਆਯੂ ਵਿਚ ਆਪ ਦਾ ਅਨੰਦ ਕਾਰਜ ਪਿੰਡ ਭੈਣੀ ਦੇ ਸ. ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਨਿਰੰਜਨ ਕੌਰ ਨਾਲ ਹੋਇਆ ਅਤੇ ਆਪ ਜੀ ਦੇ ਘਰ ਦੋ ਸਪੁੱਤਰਾਂ ਭਾਈ ਅਮਰੀਕ ਸਿੰਘ ਅਤੇ ਭਾਈ ਮਨਜੀਤ ਸਿੰਘ ਜੀ ਨੇ ਜਨਮ ਲਿਆ। ਭਾਈ ਅਮਰੀਕ ਸਿੰਘ ਜੀ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ, 1984 ਦੇ ਘੱਲੂਘਾਰੇ ਦੌਰਾਨ ਸ਼ਹਾਦਤ ਪ੍ਰਾਪਤ ਕਰ ਗਏ।
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਬੇੜ੍ਹੇ ਸਮੇਂ ਲਈ ਪਟਵਾਰੀ ਵਜੋਂ ਸਰਕਾਰੀ ਸੇਵਾ ਵੀ ਨਿਭਾਈ ਪਰ ਹਿਰਦੇ ਵਿਚ ਵਸੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਪ੍ਰਬਲ ਲਗਨ, ਆਪ ਜੀ ਨੂੰ ਮੁੜ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਸੰਗਤ ਵਿਚ ਲੈ ਆਈ। ਆਪ ਜੀ ਨੇ 1958 ਤੋਂ ਲੈ ਕੇ 1969 ਈ. ਤੱਕ ਮਹਾਂਪੁਰਖਾਂ ਦੀ ਦਿਨ-ਰਾਤ ਇਕ ਕਰਕੇ ਮਹਾਨ ਸੇਵਾ ਕੀਤੀ। ਨਿਤਨੇਮ ਬਾਣੀਆਂ ਤੋਂ ਇਲਾਵਾ ਪੰਜ ਗਰੰਥੀ ਦਾ ਪਾਠ ਸਾਰਾ ਹੀ ਕੰਠ ਮਹਾਂਪੁਰਖਾਂ ਨੂੰ ਰੋਜ਼ਾਨਾ ਹੀ ਸੁਣਾਉਂਦੇ ਸਨ। ਸੁਖਮਨੀ ਸਾਹਿਬ ਜੀ ਦਾ ਪਾਠ ਮੂੰਹ ਜੁਬਾਨੀ 20-25 ਮਿੰਟ ਵਿਚ ਆਪ ਜੀ ਕਰ ਲੈਂਦੇ ਸਨ। ਆਪ ਜੀ ਰਾਤ 11 ਵਜੇ ਸੌਦੇ ਤੇ ਸਵੇਰੇ 3 ਵਜੇ ਉਠ ਕੇ ਮਹਾਂਪੁਰਖਾਂ ਨੂੰ ਇਸ਼ਨਾਨ ਕਰਵਾਉਂਦੇ ਸਨ। ਆਪ ਜੀ ਨਾਲ ਬਾਬਾ ਠਾਕਰ ਸਿੰਘ ਜੀ ਵੀ ਸੇਵਾ ਵਿੱਚ ਹਾਜ਼ਰ ਰਹੇ।
ਗੁਰਮਤਿ ਦੇ ਪ੍ਰਚਾਰ ਦੌਰਿਆਂ ਦੌਰਾਨ ਹੀ 3 ਅਗਸਤ, 1977 ਨੂੰ 45 ਸਾਲ ਦੀ ਉਮਰ ਦੌਰਾਨ ਮਲਸੀਹਾਂ ਤੋਂ ਲੁਧਿਆਣਾ ਜਾਂਦਿਆਂ ਉਹ ਇਕ ਦੁਰਘਟਨਾ ‘ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ‘ਮੇਰਾ ਸਿਰ ਜਾਏ ਤਾ ਜਾਏ ਪਰ ਸਿੱਖੀ ਸਿਦਕ ਨਾ ਜਾਏ।’ ਦਾ ਤਰਾਨਾ ਗੁਣਗੁਣਾਉਂਦਿਆਂ 16 ਅਗਸਤ, 1977 ਨੂੰ ਆਪ ਸੱਚਖੰਡ ਪਿਆਨਾ ਕਰ ਗਏ। ਆਪ ਜੀ ਨਾਲ ਵੇਦ ਨਿਰੰਜਣ ਸਿੰਘ, ਗਿਆਨੀ ਪ੍ਰੀਤਮ ਸਿੰਘ ਲਿਖਾਰੀ, ਭਾਈ ਕਰਤਾਰ ਸਿੰਘ ਪ੍ਰੇਮੀ, ਬਾਬਾ ਲਹੌਰਾ ਸਿੰਘ ਜੀ, ਸੰਤ ਬਾਬਾ ਠਾਕਰ ਸਿੰਘ ਜੀ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੰਗਲ ਠੀਕ ਕਰਨ ਵਾਸਤੇ ਸ੍ਰੀ ਦਮਦਮਾ ਸਾਹਿਬ ਜੀ ਦੀ ਬੀੜ ਨਾਲ ਮਿਲਾ ਕੇ ਸ੍ਰੀ ਅੰਮ੍ਰਿਤਸਰ ਜੀ ਸਾਹਿਬ ਵਿਖੇ ਸੰਤ ਸਮਾਜ ਤੇ ਸਮੂੰਹ ਜਥੇਬੰਦੀਆਂ ਤੇ ਸ਼ਰੋਮਣੀ ਕਮੇਟੀ ਦੇ ਕੀਤੇ ਗਏ ਫੈਸਲੇ ਅਨੁਸਾਰ ਬੀੜ ਦੀ ਸੁਧਾਈ ਕਰਨ ਦਾ ਕਾਰਜ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਕੀਤਾ। ਇਹ ਸੇਵਾ ਆਪ ਜੀ ਨੇ 1964 ਈ. ਨੂੰ ਕੀਤੀ ਤੇ ਮਹਾਂਪੁਰਖਾਂ ਨੇ ਆਪ ਜੀ ਨੂੰ ਸਿਰਪਾਓ ਬਖਸ਼ਿਆ। ਫਿਰ ਮਹਾਂਪੁਰਖ ਜੱਥੇ ਸਮੇਤ 1966 ਈਸਵੀ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 300 ਸਾਲਾ ਅਵਤਾਰ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਥੇ ਆਪ ਜੀ ਨੂੰ ਸਿਰਪਾਉ ਦੇ ਕੇ ਨਾਲ ਹੀ ਟਕਸਾਲ ਦੀ ਸੇਵਾ ਬਖਸ਼ਿਸ਼ ਕਰ ਦਿੱਤੀ। ਇਹ ਵਾਰਤਾ 31 ਜਨਵਰੀ 1967 ਈਸਵੀ ਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਧੀ ਚੰਦ ਤਰਨਾ ਦਲ ਦੇ ਜਥੇਦਾਰ ਬਾਬਾ ਸੋਹਣ ਸਿੰਘ ਜੀ ਵੀ ਆਏ ਹੋਏ ਸਨ। ਉਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ ਦੇ ਸਿਰ ਟਕਸਾਲ ਦੀ ਸੇਵਾ ਲਈ ਦਸਤਾਰ ਸਜਾਈ। ਭਗਤ ਉਜਾਗਰ ਸਿੰਘ ਜੀ ਨੇ ਵੀ ਦਸਤਾਰ ਬਖਸ਼ੀ ਅਤੇ ਸਾਰੇ ਸਿੰਘਾਂ ‘ਚ ਖੁਸ਼ੀ ਮਨਾਈ ਗਈ।
16 ਹਾੜ 1964 ਈ. ਨੂੰ ਮਹਾਪੁਰਖ ਪਿੰਡ ਨੰਗਲੀ ਤੋਂ ਮਹਿਤਾ ਪਹੁੰਚੇ ਇਥੇ ਹੀ ਆਪ ਜੀ ਨੇ 1934 ਈ ਨੂੰ ਕਥਾ ਅਰੰਭ ਕੀਤੀ ਸੀ ਇਥੇ ਹੀ ਆਪ ਜੀ ਨੇ 28 ਜੂਨ 1969 ਈ ਨੂੰ ਚੜ੍ਹਾਈ ਕੀਤੀ । 29 ਜੂਨ ਨੂੰ ਖਾਲਸਾ ਜੀ ਦਾ ਪਤਾਲਪੁਰੀ ਵਿਖੇ ਸਸਕਾਰ ਕੀਤਾ ਗਿਆ। ਮਹਿਤਾ ਵਿਖੇ ਦਸਤਾਰ ਬੰਦੀ ਸਮੇਂ 110 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਸੀ।
ਪਹਿਲੇ ਜਿਥੇ ਮਹਾਪੁਰਖਾਂ ਨੇ ਚੜ੍ਹਾਈ ਕੀਤੀ ਸੀ ਉਥੇ ਗੁਰਦੁਆਰਾ ਵਰਦਰਸ਼ਨ ਪ੍ਰਕਾਸ਼ ਦੀ ਉਸਾਰੀ ਕਰਵਾਈ।
7 ਦਸੰਬਰ 1975 ਈ. ਨੂੰ ਦਿੱਲੀ ਵਿਚ 22 ਲੱਖ ਦੇ ਭਾਰੀ ਇਕੱਠ ਵਿਚ ਰਾਮ ਲੀਲਾ ਗਰਾਉਂਡ ਵਿਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਜਦੋਂ ਨਗਰ ਕੀਰਤਨ (ਜਲੂਸ) ਪੁੱਜਾ ਤਾਂ ਖਾਲਸਾ ਜੀ ਨੇ ਗੱਜ ਕੇ ਦਿੱਲੀ ਵਿਖੇ ਭਾਸ਼ਣ ਦਿੱਤਾ।
ਅਖੀਰ ਖਾਲਸਾ ਜੀ ਜਥੇ ਸਮੇਤ ਪਿੰਡ ਮਲਸੀਹਾਂ ਪੁੱਜੇ ਹੋਏ ਸਨ ਇਥੋਂ ਆਪ ਜੀ 3 ਅਗਸਤ 1977 ਨੂੰ ਸੇਲਨ ਲਈ ਤੁਰੇ ਤਾਂ ਲੁਧਿਆਣੇ ਕੋਲ ਕਾਰ ਦਾ ਐਕਸੀਡੈਂਟ ਹੋ ਗਿਆ। ਮਹਾਂਪੁਰਖ ਸਖ਼ਤ ਜ਼ਖ਼ਮੀ ਹੋ ਗਏ। ਆਪ ਜੀ ਨੂੰ ਲੁਧਿਆਣਾ ਵਿਖੇ ਬਰਾਉਨ ਹਸਪਤਾਲ ਲਿਆਂਦਾ ਗਿਆ। ਇਥੇ ਹੀ ਤੇਰਵੇਂ ਦਿਨ 16 ਅਗਸਤ 1977 ਈ. ਨੂੰ ਖਾਲਸਾ ਜੀ ਪ੍ਰਭੂ ਚਰਨਾਂ ‘ਚ ਅਭੇਦ ਹੋ ਗਏ। 25 ਅਗਸਤ 1977 ਈ. ਨੂੰ ਦੁਸਹਿਰੇ ਵਾਲੇ ਦਿਨ ਲੱਖਾਂ ਦੀ ਗਿਣਤੀ ਵਿਚ ਸਾਰੀਆਂ ਸੰਪ੍ਰਦਾਵਾਂ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘਾਂ ਦੇ ਦਲਾਂ ਤੇ ਸੰਗਤਾਂ ਵਿਚ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੂੰ ਥਾਪਿਆ ਗਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ 6 ਜੂਨ 1984 ਈ. ਨੂੰ ਧਰਮ ਯੁੱਧ ਅਤੇ ਨੀਲਾ ਤਾਰਾ ਘੱਲੂਘਾਰੇ ਸਮੇਂ ਸ਼ਹੀਦ ਹੋ ਗਏ। ਸਾਥ ਭਾਈ ਅਮਰੀਕ ਸਿੰਘ ਜੀ, ਜਰਨਲ ਮੇਜਰ ਸੁਬੇਗ ਸਿੰਘ ਜੀ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਇਸ ਘੱਲੂਘਾਰੇ ਵਿਚ ਗੁਰੂ ਕੇ ਸਿੰਘ ਸਿੰਘਣੀਆਂ, ਬੱਚੇ ਬੱਚੀਆਂ ਸ਼ਹੀਦ ਹੋ ਗਏ ਸਨ। ਇਨ੍ਹਾਂ ਤੋਂ ਮਗਰੋਂ ਟਕਸਾਲ ਦੀ ਸੇਵਾ ਸੰਤ ਬਾਬਾ ਠਾਕਰ ਸਿੰਘ ਜੀ ਨੇ ਸੰਭਾਲੀ। ਆਪ ਜੀ ਨੇ ਬਹੁਤ ਹੀ ਦ੍ਰਿੜ ਵਿਸ਼ਵਾਸ ਤੇ ਸੁਚੱਜੇ ਢੰਗ ਨਾਲ ਦੇਸ਼ ਵਿਦੇਸ਼ਾਂ ਵਿਚ ਜਥੇ ਸਹਿਤ ਪੁੱਜ ਕੇ ਧਰਮ ਪ੍ਰਚਾਰ ਕੀਤਾ।
ਇਨ੍ਹਾਂ ਤੋਂ ਬਾਅਦ ਅੱਜ ਕੱਲ੍ਹ ਦਮਦਮੀ ਟਕਸਾਲ ਦੀ ਸੇਵਾ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸੰਤ ਗਿਆਨੀ ਰਾਮ ਸਿੰਘ ਜੀ ਸੰਗਰਾਵਾਂ ਵਾਲੇ ਸਿੱਖ ਪੰਥ ਵਿਚ ਬੜੀ ਚੜ੍ਹਦੀ ਕਲਾ ਵਿਚ ਨਿਭਾ ਰਹੇ ਹਨ। ਖਾਲਸਾ ਜੀ ਦੇ ਸਪੁੱਤਰ ਸ੍ਰ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਤਰਾਂ ਵਾਲਿਆਂ ਦੀ ਪਾਵਨ ਸਾਲਾਨਾ ਯਾਦ ਗੁਰਦੁਆਰਾ ਖਾਲਸਾ ਦਰਬਾਰ ਭੂਰਾ ਕੋਹਨਾ ਵਿਖੇ 1ਭਾਦੋਂ ਸੰਮਤ 2081) ਮੁਤਾਬਿਕ 16 ਅਗਸਤ 2024 ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ। ਵੱਲੋਂ- ਰਣਧੀਰ ਸਿੰਘ ਸੰਭਲ, ਯੂ.ਕੇ. ਜੱਥਾ ਭਿੰਡਰਾ ਵਾਲੇ। ਫੋਨ-07417443300,