ਗੁਰਦਾਸਪੁਰ (ਰਜਿੰਦਰ ਅਰੋੜਾ): ਜੇਕਰ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਮੰਡੀਆਂ ਵਿੱਚ ਸਥਾਪਤ ਕਿਸਾਨ ਸੇਵਾ ਕੇਂਦਰਾਂ ਜਾਂ ਜ਼ਿਲ੍ਹਾ ਪੱਧਰ ’ਤੇ ਸਥਾਪਤ ਕੰਟਰੋਲ ਰੂਮ ਨਾਲ ਸੰਪਰਕ ਕਰਨ। ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਝੋਨੇ ਦੀ ਖਰੀਦ ਸਬੰਧੀ ਡੀ.ਐਫ.ਐਸ.ਸੀ. ਦਫ਼ਤਰ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01874-247193 ਹੈ।ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ ਖਰੀਦ ਸੈਸ਼ਨ ਦੌਰਾਨ ਹਰ ਰੋਜ਼ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਕੰਮ ਕਰਦਾ ਹੈ ਅਤੇ ਕਿਸਾਨ ਖਰੀਦ ਸਬੰਧੀ ਕੋਈ ਵੀ ਜਾਣਕਾਰੀ ਲੈਣ ਜਾਂ ਕਿਸੇ ਵੀ ਸਮੱਸਿਆ/ਸ਼ਿਕਾਇਤ ਦੇ ਹੱਲ ਲਈ ਇੱਥੇ ਸੰਪਰਕ ਕਰ ਸਕਦੇ ਹਨ।
ਡੀਸੀ ਨੇ ਦੱਸਿਆ ਕਿ ਖਰੀਦ ਸੀਜ਼ਨ ਦੌਰਾਨ ਉਹ ਰੋਜ਼ਾਨਾ ਸਵੇਰੇ 9:30 ਵਜੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਦੇ ਹਨ ਅਤੇ ਕਿਸਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ। ਡੀਸੀ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਸਮੇਂ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਲਈ ਜ਼ਿਲ੍ਹੇ ਦੀਆਂ 10 ਵੱਡੀਆਂ ਮੰਡੀਆਂ ਬਟਾਲਾ, ਗੁਰਦਾਸਪੁਰ, ਕਲਾਨੌਰ, ਦੀਨਾਨਗਰ, ਡੇਰਾ ਬਾਬਾ ਨਾਨਕ, ਕਾਦੀਆਂ, ਫਤਿਹਗੜ੍ਹ ਚੂੜੀਆਂ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਧਾਰੀਵਾਲ ਵਿੱਚ ਕਿਸਾਨ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ।ਕਿਸਾਨ ਇਨ੍ਹਾਂ ਕੇਂਦਰਾਂ ‘ਤੇ ਝੋਨੇ ਵਿੱਚ ਨਮੀ ਦੀ ਮਾਤਰਾ, ਖੇਤ ਦੀ ਉਪਲਬਧਤਾ ਨਾ ਹੋਣ, ਘੱਟ ਵਜ਼ਨ ਅਤੇ ਬੋਲੀ ਨਾ ਹੋਣ ਸਬੰਧੀ ਆਪਣੀਆਂ ਸਮੱਸਿਆਵਾਂ/ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਡੀਸੀ ਨੇ ਕਿਹਾ ਕਿ ਕਿਸਾਨ ਸੇਵਾ ਕੇਂਦਰ ਵਿੱਚ ਤਾਇਨਾਤ ਮੁਲਾਜ਼ਮ ਕਿਸਾਨਾਂ ਦੀਆਂ ਸ਼ਿਕਾਇਤਾਂ ਤੁਰੰਤ ਗੂਗਲ ਸ਼ੀਟ ’ਤੇ ਅਪਲੋਡ ਕਰਦੇ ਹਨ ਅਤੇ ਸਬੰਧਤ ਅਧਿਕਾਰੀ ਦੋ ਘੰਟਿਆਂ ਵਿੱਚ ਉਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹਨ।