
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਕੇਂਦਰ ਸਰਕਾਰ ਨੇ ਕਰੀਬ 14 ਸਾਲਾਂ ਬਾਅਦ ਪਾਸਪੋਰਟ ਫੀਸਾਂ ਵਿੱਚ ਵੱਡਾ ਵਾਧਾ ਕਰਦਿਆਂ 1 ਜੁਲਾਈ 2026 ਤੋਂ ਨਵੀਆਂ ਦਰਾਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪਾਸਪੋਰਟ (ਸੋਧ) ਨਿਯਮ, 2026 ਅਨੁਸਾਰ ਹੁਣ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰੀ-ਇਸ਼ੂ ਆਮ ਪਾਸਪੋਰਟ ਦੀ ਫੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਤਤਕਾਲ ਯੋਜਨਾ ਤਹਿਤ ਇਹੀ ਪਾਸਪੋਰਟ ਹੁਣ 5,000 ਰੁਪਏ ਵਿੱਚ ਬਣੇਗਾ, ਜੋ ਪਹਿਲਾਂ 3,500 ਰੁਪਏ ਸੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੋਧੀਆਂ ਹੋਈਆਂ ਫੀਸਾਂ 1 ਜੁਲਾਈ 2026 ਜਾਂ ਇਸ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਸਾਰੀਆਂ ਪਾਸਪੋਰਟ ਅਰਜ਼ੀਆਂ ‘ਤੇ ਲਾਗੂ ਹੋਣਗੀਆਂ।
60 ਸਫ਼ਿਆਂ ਵਾਲੇ ਪਾਸਪੋਰਟ ਦੀ ਆਮ ਸ਼੍ਰੇਣੀ ਦੀ ਫੀਸ 2,000 ਰੁਪਏ ਤੋਂ ਵਧਾ ਕੇ 3,500 ਰੁਪਏ ਅਤੇ ਤਤਕਾਲ ਸ਼੍ਰੇਣੀ ਦੀ ਫੀਸ 4,000 ਰੁਪਏ ਤੋਂ ਵਧਾ ਕੇ 6,000 ਰੁਪਏ ਕਰ ਦਿੱਤੀ ਗਈ ਹੈ। ਗੁੰਮ ਜਾਂ ਖਰਾਬ ਹੋਏ ਪਾਸਪੋਰਟ ਦੀ ਥਾਂ ਨਵਾਂ ਪਾਸਪੋਰਟ ਬਣਵਾਉਣ ਲਈ ਵੀ ਫੀਸਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। 36 ਸਫ਼ਿਆਂ ਵਾਲੇ ਬਦਲਵੇਂ ਪਾਸਪੋਰਟ ਲਈ ਆਮ ਸ਼੍ਰੇਣੀ ਵਿੱਚ 5,000 ਰੁਪਏ ਅਤੇ ਤਤਕਾਲ ਵਿੱਚ 7,500 ਰੁਪਏ ਦੇਣੇ ਹੋਣਗੇ। ਜਦਕਿ 60 ਸਫ਼ਿਆਂ ਵਾਲੇ ਪਾਸਪੋਰਟ ਲਈ ਇਹ ਫੀਸ ਕ੍ਰਮਵਾਰ 6,000 ਅਤੇ 8,500 ਰੁਪਏ ਹੋਵੇਗੀ।
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਪਾਸਪੋਰਟ ਫੀਸ ਵਧਾਈ ਗਈ ਹੈ। ਨਾਬਾਲਗਾਂ ਦੇ 36 ਸਫ਼ਿਆਂ ਵਾਲੇ ਨਵੇਂ ਜਾਂ ਰੀ-ਇਸ਼ੂ ਪਾਸਪੋਰਟ ਲਈ ਆਮ ਸ਼੍ਰੇਣੀ ਵਿੱਚ 1,750 ਰੁਪਏ ਅਤੇ ਤਤਕਾਲ ਸ਼੍ਰੇਣੀ ਵਿੱਚ 4,250 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਜੇਕਰ ਨਾਬਾਲਗ ਦਾ ਪਾਸਪੋਰਟ ਗੁੰਮ ਜਾਂ ਖਰਾਬ ਹੋ ਜਾਂਦਾ ਹੈ ਤਾਂ ਆਮ ਸ਼੍ਰੇਣੀ ਵਿੱਚ 4,250 ਰੁਪਏ ਅਤੇ ਤਤਕਾਲ ਵਿੱਚ 6,750 ਰੁਪਏ ਅਦਾ ਕਰਨੇ ਪੈਣਗੇ।
ਵਿਦੇਸ਼ ਮੰਤਰਾਲੇ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੈਂਡਰ ਸਰਟੀਫਿਕੇਟ, ਗਲੋਬਲ ਐਂਟਰੀ ਪ੍ਰੋਗਰਾਮ ਵੈਰੀਫਿਕੇਸ਼ਨ ਅਤੇ ਹੋਰ ਪਾਸਪੋਰਟ ਸਬੰਧੀ ਸਰਟੀਫਿਕੇਟਾਂ ਦੀ ਫੀਸ ਭਾਰਤ ਵਿੱਚ 750 ਰੁਪਏ ਨਿਰਧਾਰਤ ਕੀਤੀ ਹੈ, ਜਦਕਿ ਵਿਦੇਸ਼ਾਂ ਵਿੱਚ ਇਸ ਲਈ 40 ਅਮਰੀਕੀ ਡਾਲਰ ਦੇਣੇ ਹੋਣਗੇ।
ਭਾਰਤ ਵਿੱਚ ਐਮਰਜੈਂਸੀ ਸਰਟੀਫਿਕੇਟ ਪਹਿਲਾਂ ਵਾਂਗ ਮੁਫ਼ਤ ਜਾਰੀ ਕੀਤਾ ਜਾਵੇਗਾ, ਪਰ ਵਿਦੇਸ਼ਾਂ ਵਿੱਚ ਇਸ ਲਈ 15 ਅਮਰੀਕੀ ਡਾਲਰ ਫੀਸ ਲੱਗੇਗੀ। ਇਸ ਤੋਂ ਇਲਾਵਾ ਸਰਟੀਫਿਕੇਟ ਆਫ਼ ਆਈਡੈਂਟਿਟੀ ਦੀ ਫੀਸ ਭਾਰਤ ਵਿੱਚ 1,000 ਰੁਪਏ ਅਤੇ ਵਿਦੇਸ਼ਾਂ ਵਿੱਚ 50 ਅਮਰੀਕੀ ਡਾਲਰ ਰੱਖੀ ਗਈ ਹੈ।
ਜ਼ਿਕਰਯੋਗ ਹੈ ਕਿ ਪਾਸਪੋਰਟ ਫੀਸਾਂ ਵਿੱਚ ਆਖਰੀ ਵਾਰ ਸਾਲ 2012 ਵਿੱਚ ਸੋਧ ਕੀਤੀ ਗਈ ਸੀ। ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸਪੱਸ਼ਟ ਕੀਤਾ ਹੈ ਕਿ ਪਾਸਪੋਰਟ ਮੁੱਖ ਤੌਰ ‘ਤੇ ਯਾਤਰਾ ਦਸਤਾਵੇਜ਼ ਹੈ, ਨਾ ਕਿ ਭਾਰਤੀ ਨਾਗਰਿਕਤਾ ਦਾ ਸਬੂਤ।

Related