
Skip to content

ਪਾਤੜਾਂ ਵਿੱਚ ਔਰਤ ਦਾ ਗੋਲੀ ਮਾਰ ਕੇ ਕਤਲ, ਆਟੋ ਚਾਲਕ ਵੀ ਜ਼ਖ਼ਮੀ
ਪਾਤੜਾਂ (ਅਰਸ਼ਦੀਪ ਸਿੰਘ ਕਾਲੜਾ) : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਰਾਣੇ ਬੱਸ ਸਟੈਂਡ ’ਤੇ ਇੱਕ ਔਰਤ ਦਾ ਪਹਿਲਾਂ ਬੇਸਬਾਲ ਬੈਟ ਨਾਲ ਹਮਲਾ ਕਰਕੇ ਅਤੇ ਬਾਅਦ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਗੋਲੀਬਾਰੀ ਦੌਰਾਨ ਇੱਕ ਆਟੋ-ਰਿਕਸ਼ਾ ਚਾਲਕ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵਾਰਦਾਤ ਬੁੱਧਵਾਰ ਰਾਤ ਕਰੀਬ 8:15 ਵਜੇ ਪਾਤੜਾਂ ਦੇ ਪੁਰਾਣੇ ਬੱਸ ਸਟੈਂਡ ’ਤੇ ਵਾਪਰੀ। ਮ੍ਰਿਤਕਾ ਦੀ ਪਛਾਣ ਸੁੰਦਰ ਬਸਤੀ ਦੀ ਰਹਿਣ ਵਾਲੀ ਦਿਲਪ੍ਰੀਤ ਕੌਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਆਟੋ ਚਾਲਕ ਦੀ ਪਛਾਣ ਲਖਵੀਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦਿਲਪ੍ਰੀਤ ਕੌਰ ਬੱਸ ਤੋਂ ਉਤਰ ਕੇ ਆਪਣੇ ਘਰ ਵੱਲ ਜਾ ਰਹੀ ਸੀ। ਇਸੇ ਦੌਰਾਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਪਹਿਲਾਂ ਬੇਸਬਾਲ ਬੈਟ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਉਸ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੋਲੀਬਾਰੀ ਵਿੱਚ ਲਖਵੀਰ ਸਿੰਘ ਵੀ ਜ਼ਖ਼ਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪਾਤੜਾਂ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਐੱਸ.ਐੱਚ.ਓ. ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਅਤੇ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

Related