ਪਟਿਆਲਾ ਨੇੜੇ ਭਿਆਨਕ ਘਟਨਾ: ਫੌਜੀ ਵੱਲੋਂ ਪਤਨੀ ਨੂੰ ਕਾਰ ਸਮੇਤ ਭਾਖੜਾ ਨਹਿਰ ਵਿੱਚ ਧੱਕਣ ਦਾ ਦੋਸ਼, ਮਹਿਲਾ ਦੀ ਮੌਤ

ਪਟਿਆਲਾ (ਅਰਸ਼ਦੀਪ ਸਿੰਘ ਕਾਲੜਾ)  :- ਪਟਿਆਲਾ ਦੇ ਨੇੜਲੇ ਥਾਣਾ ਪਸਿਆਣਾ ਖੇਤਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ ਫੌਜੀ ਨੌਜਵਾਨ ਵੱਲੋਂ ਆਪਣੀ ਪਤਨੀ ਨੂੰ ਕਾਰ ਸਮੇਤ ਭਾਖੜਾ ਨਹਿਰ ਵਿੱਚ ਧੱਕਣ ਦੀ ਘਟਨਾ ਵਾਪਰੀ, ਜਿਸ ਵਿੱਚ 30 ਸਾਲਾ ਰਮਨਦੀਪ ਕੌਰ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪਤੀ ਹੈਪੀ ਸਿੰਘ ਘਟਨਾ ਤੋਂ ਬਾਅਦ ਸੁਰੱਖਿਅਤ ਬਾਹਰ ਨਿਕਲ ਆਇਆ। ਮ੍ਰਿਤਕਾ ਦੇ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ। ਮ੍ਰਿਤਕਾ ਦੇ ਭਰਾ ਗੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੈਪੀ ਸਿੰਘ ਨੇ ਯੋਜਨਾਬੱਧ ਤਰੀਕੇ ਨਾਲ ਇਹ ਘਟਨਾ ਅੰਜਾਮ ਦਿੱਤੀ।

ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਪਿੰਡ ਬਾਜੇਵਾਲਾ, ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਹੈਪੀ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਤੋਂ ਘਟਨਾ ਦੀ ਤਫ਼ਤੀਸ਼ ਜਾਰੀ ਹੈ।