ਰੂਸੀ ਮਾਡਲ ਅੰਨਾ ਕੋਨਿਡੇਲਾ ਨਾਲ 2013 ਵਿੱਚ ਕੀਤਾ ਸੀ ਵਿਆਹ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ

ਅਮਰਾਵਤੀ (ਅਮਿਤ ਨੱਖਵਾਲ): ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਮਸ਼ਹੂਰ ਅਦਾਕਾਰ ਪਵਨ ਕਲਿਆਣ ਅਤੇ ਉਨ੍ਹਾਂ ਦੀ ਪਤਨੀ ਅੰਨਾ ਕੋਨਿਡੇਲਾ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਹੈ। ਵਿਆਹ ਦੇ ਕਰੀਬ 13 ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਉਪ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਫੈਸਲਾ ਦੋਵਾਂ ਨੇ ਆਪਸੀ ਸਮਝ ਅਤੇ ਸਨਮਾਨ ਨਾਲ ਲਿਆ ਹੈ। ਦੋਵਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਵਿੱਖ ਵਿੱਚ ਵੀ ਚੰਗੇ ਦੋਸਤ ਬਣੇ ਰਹਿਣਗੇ। ਇਸ ਦੇ ਨਾਲ ਹੀ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਅਤੇ ਭਲਾਈ ਲਈ ਮਾਪਿਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਬੱਚਿਆਂ ਦੀ ਖ਼ੁਸ਼ੀ ਅਤੇ ਉਨ੍ਹਾਂ ਦਾ ਭਵਿੱਖ ਦੋਵਾਂ ਦੀ ਸਾਂਝੀ ਤਰਜੀਹ ਰਹੇਗਾ।

ਜ਼ਿਕਰਯੋਗ ਹੈ ਕਿ ਪਵਨ ਕਲਿਆਣ ਨੇ ਸਾਲ 2013 ਵਿੱਚ ਰੂਸੀ ਮਾਡਲ ਅੰਨਾ ਕੋਨਿਡੇਲਾ ਨਾਲ ਵਿਆਹ ਕੀਤਾ ਸੀ। ਇਹ ਉਨ੍ਹਾਂ ਦਾ ਤੀਜਾ ਵਿਆਹ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਵਿਆਹ ਕਰ ਚੁੱਕੇ ਸਨ, ਜੋ ਬਾਅਦ ਵਿੱਚ ਤਲਾਕ ਨਾਲ ਖ਼ਤਮ ਹੋ ਗਏ ਸਨ। ਹੁਣ ਤੀਜੇ ਵਿਆਹ ਦੇ ਟੁੱਟਣ ਨਾਲ ਉਹ ਇੱਕ ਵਾਰ ਫਿਰ ਨਿੱਜੀ ਜੀਵਨ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ।

ਰਿਪੋਰਟ : ਅਮਿਤ ਨੱਖਵਾਲ