ਚੰਡੀਗੜ੍ਹ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਇਕ ਵਾਰ ਫਿਰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਪਿਛਲੇ 10 ਦਿਨਾਂ ‘ਚ 9ਵੀਂ ਵਾਰ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਕੁੱਲ 6.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਨਵੇਂ ਰੇਟ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 101.01 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 101.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 93.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਪਰ ਸਥਾਨਕ ਟੈਕਸਾਂ ਦੇ ਆਧਾਰ ‘ਤੇ ਇਨ੍ਹਾਂ ਦੀਆਂ ਕੀਮਤਾਂ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੁੰਦੀਆਂ ਹਨ।

    ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਮੁਤਾਬਕ ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 116.72 ਰੁਪਏ ਅਤੇ 100.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ ਵਿੱਚ ਪੈਟਰੋਲ ਦੀ ਕੀਮਤ 107.45 ਰੁਪਏ (76 ਪੈਸੇ ਦੇ ਵਾਧੇ ਨਾਲ) ਅਤੇ ਡੀਜ਼ਲ ਦੀ ਕੀਮਤ 97.52 ਰੁਪਏ (76 ਪੈਸੇ ਦੇ ਵਾਧੇ ਨਾਲ) ਅਤੇ ਕੋਲਕਾਤਾ ਵਿੱਚ, ਪੈਟਰੋਲ ਦੀ ਕੀਮਤ 111.35 ਰੁਪਏ (83 ਪੈਸੇ ਦੇ ਵਾਧੇ ਨਾਲ) ਅਤੇ ਡੀਜ਼ਲ ਦੀ ਕੀਮਤ 96.22 ਰੁਪਏ (80 ਪੈਸੇ ਦੇ ਵਾਧੇ ਨਾਲ) ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ 137 ਦਿਨਾਂ ਤੱਕ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ ਸਨ। ਉਸ ਤੋਂ ਬਾਅਦ ਹੁਣ ਤੱਕ ਨੌਵੀਂ ਵਾਰ ਕੀਮਤਾਂ ਵਧਾਈਆਂ ਗਈਆਂ ਹਨ।