Skip to content
ਜੈਵਿਕ ਈਂਧਨ (Fossil fuel) ਤੋਂ ਬਦਲਵੇਂ ਊਰਜਾ ਸਰੋਤਾਂ ਵੱਲ ਜਾਣ ਦੀ ਫੌਰੀ ਲੋੜ ਉਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਟਰਾਂਸਪੋਰਟ ਸੈਕਟਰ ਦਾ ਇਸ ਵਿੱਚ ਵੱਡਾ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਜੈਵਿਕ ਈਂਧਨ ‘ਤੇ ਭਾਰਤ ਦੀ ਨਿਰਭਰਤਾ ਇੱਕ ਆਰਥਿਕ ਬੋਝ ਹੈ ਕਿਉਂਕਿ ਈਂਧਨ ਦੀ ਦਰਾਮਦ ਉਤੇ ਸਾਲਾਨਾ 22 ਲੱਖ ਕਰੋੜ ਰੁਪਏ ਦਾ ਖਰਚਾ ਆਉਂਦਾ ਹੈ ਅਤੇ ਇਹ ਵਾਤਾਵਰਣ ਲਈ ਖ਼ਤਰਾ ਵੀ ਹੈ, ਇਸ ਲਈ ਦੇਸ਼ ਦੀ ਤਰੱਕੀ ਲਈ ਸਵੱਛ ਊਰਜਾ ਨੂੰ ਅਪਨਾਉਣਾ ਮਹੱਤਵਪੂਰਨ ਹੈ।
ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ
ਈਕੋ-ਅਨੁਕੂਲ ਇਲੈਕਟ੍ਰਿਕ ਸਾਈਕਲਾਂ ਦੀ ਸ਼ੁਰੂਆਤ ਮੌਕੇ ਬੋਲਦਿਆਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਵੱਧ ਰਹੇ ਸ਼ਹਿਰੀਕਰਨ ਦੇ ਮੱਦੇਨਜ਼ਰ ਸਾਈਕਲਿੰਗ ਨੂੰ ਇੱਕ ਟਿਕਾਊ ਸ਼ਹਿਰੀ ਆਵਾਜਾਈ ਵਿਕਲਪ ਵਜੋਂ ਉਤਸ਼ਾਹਿਤ ਕਰਨ ਦੀ ਲੋੜ ਹੈ। ਗਡਕਰੀ ਨੇ ਕਿਹਾ ਕਿ ਭਾਰਤ ਦਾ ਆਟੋਮੋਬਾਈਲ ਸੈਕਟਰ ਤੇਜ਼ੀ ਨਾਲ ਵਿਕਾਸ ਕਰਕੇ 2014 ਤੋਂ ਬਾਅਦ ਜਾਪਾਨ ਨੂੰ ਪਛਾੜਦਿਆਂ ਵਿਸ਼ਵ ਪੱਧਰ ‘ਤੇ ਤੀਜਾ ਸਭ ਤੋਂ ਵੱਡਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2030 ਤੱਕ ਭਾਰਤ ਇਲੈਕਟ੍ਰਿਕ ਵਾਹਨ (ਈ.ਵੀ.) ਉਤਪਾਦਨ ਵਿੱਚ ਦੁਨੀਆ ਦਾ ਮੋਹਰੀ ਦੇਸ਼ ਬਣ ਜਾਵੇਗਾ, ਜਿਸ ਦਾ ਗਲੋਬਲ ਆਟੋ ਬਾਜ਼ਾਰ ‘ਤੇ ਕਾਫੀ ਅਸਰ ਪਵੇਗਾ।
ਬਦਲਵੇਂ ਈਂਧਨ ਦੀ ਲੋੜ ਦੱਸੀ
ਕੇਂਦਰੀ ਮੰਤਰੀ ਨੇ ਇਲੈਕਟ੍ਰਿਕ ਵਾਹਨਾਂ ਨੂੰ ਹੋਰ ਕਿਫਾਇਤੀ ਬਣਾਉਣ ਅਤੇ ਇਨ੍ਹਾਂ ਦੀ ਕੀਮਤ ਰਵਾਇਤੀ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਬਣਾਉਣ ਲਈ ਲਿਥੀਅਮ-ਆਇਨ ਬੈਟਰੀਆਂ ਦੀਆਂ ਕੀਮਤਾਂ ਵਿੱਚ ਕਟੌਤੀ ਉਤੇ ਜ਼ੋਰ ਦਿੱਤਾ। ਗਡਕਰੀ ਨੇ ਕਿਹਾ ਕਿ ਪ੍ਰਦੂਸ਼ਣ ਸਾਡੇ ਦੇਸ਼ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਟਰਾਂਸਪੋਰਟ ਸੈਕਟਰ ਦਾ ਇਸ ਵਿੱਚ ਸਭ ਤੋਂ ਵੱਧ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਅਤੇ ਬਦਲਵੇਂ ਈਂਧਨ ਵੱਲ ਮੁੜਨਾ ਨਾ ਸਿਰਫ਼ ਵਾਤਾਵਰਣ ਦੀ ਲੋੜ ਹੈ ਸਗੋਂ ਆਰਥਿਕ ਲੋੜ ਵੀ ਹੈ। ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇੰਜਨੀਅਰਿੰਗ ਖੇਤਰ ਵਿੱਚ ਨੌਜਵਾਨ ਪ੍ਰਤਿਭਾ ਈਵੀ ਤਕਨਾਲੋਜੀ ਅਤੇ ਵਿਕਲਪਕ ਈਂਧਨ ਵਿੱਚ ਨਵੀਨਤਾਵਾਂ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਮਹੱਤਵਪੂਰਨ ਸਫਲਤਾਵਾਂ ਹਾਸਲ ਕਰ ਰਹੇ ਹਨ, ਭਾਰਤ ਨੂੰ ਹਰੀ ਊਰਜਾ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਰੱਖ ਰਹੇ ਹਨ।
Post Views: 14
Related