
Skip to content

ਫਗਵਾੜਾ ਪੁਲਿਸ ਦਾ ਵੱਡਾ ਐਕਸ਼ਨ, ਚੋਰੀ ਦੇ 2 ਮਾਮਲੇ ਸੁਲਝੇ; 5 ਮੁਲਜ਼ਮ ਗ੍ਰਿਫ਼ਤਾਰ
ਫਗਵਾੜਾ ਪੁਲਿਸ ਨੇ ਸਮਾਜ ਵਿੱਚ ਸ਼ਰਾਰਤੀ ਅਨਸਰਾਂ, ਲੁਟੇਰਿਆਂ ਅਤੇ ਚੋਰਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜ਼ਿਲ੍ਹਾ ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਪੀ. ਫਗਵਾੜਾ ਮਾਧਵੀ ਸ਼ਰਮਾ (ਪੀ.ਪੀ.ਐਸ.) ਅਤੇ ਡੀ.ਐਸ.ਪੀ. ਫਗਵਾੜਾ ਪਲਵਿੰਦਰ ਸਿੰਘ (ਪੀ.ਪੀ.ਐਸ.) ਦੀ ਅਗਵਾਈ ਵਿੱਚ ਪੁਲਿਸ ਨੇ ਦੋ ਵੱਖ-ਵੱਖ ਚੋਰੀ ਦੇ ਮਾਮਲੇ ਸੁਲਝਾ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤਾ ਗਿਆ ਵੱਡੀ ਮਾਤਰਾ ਵਿੱਚ ਸਮਾਨ ਵੀ ਬਰਾਮਦ ਕੀਤਾ ਹੈ।
ਐਸ.ਪੀ. ਮਾਧਵੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਮਾਮਲਾ ਥਾਣਾ ਰਾਵਲਪਿੰਡੀ ਅਧੀਨ ਦਰਜ ਕੀਤਾ ਗਿਆ ਸੀ। ਬੇਗਮਪੁਰ ਨਿਵਾਸੀ ਕਮਲਜੀਤ ਕੌਰ ਪਤਨੀ ਚਰਨਜੀਤ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 11 ਮਈ 2026 ਦੀ ਰਾਤ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਵਾਸ਼ਿੰਗ ਮਸ਼ੀਨ, ਫ੍ਰਿਜ, ਐਲਸੀਡੀ, ਦੋ ਗੈਸ ਸਿਲੰਡਰ, ਇਨਵਰਟਰ, ਡਰਾਇਰ ਮਸ਼ੀਨ, ਜੂਸਰ ਮਸ਼ੀਨ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਇਸ ਸਬੰਧੀ ਥਾਣਾ ਰਾਵਲਪਿੰਡੀ ਵਿੱਚ ਮੁਕੱਦਮਾ ਨੰਬਰ 45 ਮਿਤੀ 12.05.2026 ਨੂੰ ਬੀ.ਐਨ.ਐਸ. ਦੀ ਧਾਰਾ 305(ਏ) ਅਤੇ 331(4) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਪੁੱਤਰ ਅਨਿਲ ਕੁਮਾਰ, ਸ਼ਮਸ਼ੇਰ ਸਿੰਘ ਉਰਫ਼ ਮਨੀ ਪੁੱਤਰ ਕੁਲਦੀਪ ਚੰਦ ਅਤੇ ਗੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਸਾਰੇ ਬੇਗਮਪੁਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 2 ਗੈਸ ਸਿਲੰਡਰ, ਜੂਸਰ ਮਿਕਸਰ, ਐਲਸੀਡੀ, ਪ੍ਰੈਸ, ਡਰਾਇਰ ਮਸ਼ੀਨ, ਫ੍ਰਿਜ ਅਤੇ ਚੋਰੀ ਵਿੱਚ ਵਰਤੀ ਗਈ ਲੋਹੇ ਦੀ ਰਾਡ ਬਰਾਮਦ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਓੰਕਾਰ ਉਰਫ਼ ਕਾਰੀ, ਗੋਰਾ ਅਤੇ ਸੈਣੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਇਸੇ ਅਭਿਆਨ ਤਹਿਤ ਦੂਜਾ ਮਾਮਲਾ ਥਾਣਾ ਸਿਟੀ ਫਗਵਾੜਾ ਨੇ ਸੁਲਝਾਇਆ ਹੈ। ਅਸ਼ੋਕ ਵਿਹਾਰ, ਹੋਸ਼ਿਆਰਪੁਰ ਰੋਡ ਫਗਵਾੜਾ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ਰਮਾ ਦੀ ਸ਼ਿਕਾਇਤ ’ਤੇ ਮੁਕੱਦਮਾ ਨੰਬਰ 152 ਮਿਤੀ 26.05.2026 ਨੂੰ ਬੀ.ਐਨ.ਐਸ. ਦੀ ਧਾਰਾ 331(4) ਅਤੇ 305 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸੈਂਟਰਲ ਟਾਊਨ ਫਗਵਾੜਾ ਵਿੱਚ ਉਸਦੀ ਮੋਬਾਈਲ ਦੀ ਦੁਕਾਨ ਹੈ ਅਤੇ ਨਾਲ ਹੀ ਅਰਸ਼ਦੀਪ ਦਾਦਰਾ ਦੀ ਵੀ ਮੋਬਾਈਲ ਦੀ ਦੁਕਾਨ ਹੈ। 23 ਅਤੇ 24 ਮਈ ਦੀ ਦਰਮਿਆਨੀ ਰਾਤ ਅਣਪਛਾਤੇ ਚੋਰਾਂ ਨੇ ਦੋਵੇਂ ਦੁਕਾਨਾਂ ਦੀਆਂ ਛੱਤਾਂ ’ਤੇ ਲੱਗੀਆਂ ਏਸੀ ਦੀਆਂ ਆਊਟਡੋਰ ਯੂਨਿਟਾਂ ਚੋਰੀ ਕਰ ਲਈਆਂ ਸਨ।
ਥਾਣਾ ਸਿਟੀ ਫਗਵਾੜਾ ਪੁਲਿਸ ਨੇ ਤਕਨੀਕੀ ਅਤੇ ਜ਼ਮੀਨੀ ਪੱਧਰ ’ਤੇ ਜਾਂਚ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਕਨੌਜੀਆ ਪੁੱਤਰ ਰਮੇਸ਼ ਕਨੌਜੀਆ ਨਿਵਾਸੀ ਗੁਰੂ ਨਾਨਕਪੁਰਾ ਫਗਵਾੜਾ ਅਤੇ ਆਸ਼ੂਤੋਸ਼ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਪਹਿਚਾਣ ਨਗਰ ਫਗਵਾੜਾ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਕੀਤੀਆਂ ਦੋਵੇਂ ਏਸੀ ਆਊਟਡੋਰ ਯੂਨਿਟਾਂ ਸੁਰੱਖਿਅਤ ਬਰਾਮਦ ਕਰ ਲਈਆਂ ਹਨ।
Related