ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ਫਗਵਾੜਾ ਵਿਖੇ ਵਾਰਡ ਨੰਬਰ 18 ਠਠਿਆਰਾਂ ਮੁਹੱਲਾ ਦੇ ਲੋਕ ਸੀਵਰੇਜ ਬੰਦ ਹੋਣ ਕਾਰਣ ਗੰਦਗੀ ਤੋਂ ਕਾਫੀ ਪਰੇਸ਼ਾਨ ਹਨ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਾਡੀ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਈ ਵਾਰ ਮੁਹੱਲੇ ਦੇ ਐੱਮ. ਸੀ. ਨੂੰ ਵੀ ਸੂਚਨਾ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਇਸ ਪ੍ਰੇਸ਼ਾਨੀ ਤੋਂ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵਲੋਂ ਵੀ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਉਪਰੰਤ ਮੁਹੱਲੇ ਦੇ ਲੋਕਾਂ ਵਲੋਂ ਕਮਿਸ਼ਨਰ ਨੂੰ ਮਿਲਿਆ ਗਿਆ ਅਤੇ ਉਨ੍ਹਾਂ ਨੇ ਵੀ ਭਰੋਸਾ ਦਿਵਾਇਆ ਕਿ ਤੁਹਾਡਾ ਕੰਮ ਹੋ ਜਾਏਗਾ ਪਰ ਅਜੇ ਤਕ ਸਮੱਸਿਆ ਜਿਓਂ ਦੀ ਤਿਓਂ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਮੁਹੱਲੇ ’ਚ ਛੋਟੇ-ਛੋਟੇ ਬੱਚੇ ਖੇਡਦੇ ਹਨ ਅਤੇ ਸੀਵਰੇਜ ਦੀ ਗੰਦਗੀ ਕਾਰਣ ਕਾਫੀ ਬੀਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਮਜ਼ਬੂਰਨ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਮੌਕੇ ਜੈਗੋਪਾਲ, ਕ੍ਰਿਸ਼ਨਾ ਰਾਣੀ, ਹਰੀਚੰਦਰ, ਰਮਾ ਰਾਣੀ, ਸੁਮਨ ਰਾਣੀ, ਕ੍ਰਿਸ਼ਨਾ ਰਾਣੀ, ਰਾਜੀਵ, ਅਜੇ ਅਤੇ ਰਾਜੂ ਆਦਿ ਮੌਜੂਦ ਸਨ।