ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)– ਫਗਵਾੜਾ ਦੀ ਸਬਜ਼ੀ ਮੰਡੀ ਦੀਆਂ ਸਾਰੀਆਂ ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਦੇ ਕੰਮ ਦਾ ਸ਼ੁੱਭ ਆਰੰਭ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਨੇ ਰੀਬਨ ਕੱਟ ਕੇ ਅਤੇ ਟੱਕ ਲਗਾ ਕੇ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਆੜਤੀ ਐਸੋਸੀਏਸ਼ਨ ਫਗਵਾੜਾ ਦੀ ਮੁੱਖ ਮੰਗ ਸੀ, ਜਿਸ ਨੂੰ ਮੁੱਖ ਮੰਤਰੀ ਪੰਜਾਬ ਨੇ ਪੂਰਾ ਕੀਤਾ ਹੈ।

    ਉਨਾਂ ਕਿਹਾ ਕਿ ਪਹਿਲਾ ਮੰਡੀਆਂ ਦੀ ਚਾਰਦੀਵਾਰੀ, ਸਾਰੇ ਗੇਟ, ਫੜਾ ਨੂੰ ਪੱਕੇ ਕਰਨ ਅਤੇ ਸੀਵਰੇਜ ਪਾਉਣ ਦਾ ਕੰਮ ਵੀ ਕਰਵਾਇਆ ਗਿਆ ਸੀ ਤੇ ਹੁਣ ਨਵੇਂ ਸਿਰਿਓਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਦੀ ਵੀ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਦੀ ਸਾਰ ਨਹੀ ਲਈ। ਉਨਾਂ ਇਹ ਕਾਰਜ ਸ਼ੁਰੂ ਹੋਣ ’ਤੇ ਸਮੂਹ ਆੜਤੀਆਂ ਨੂੰ ਮੁਬਾਰਕਬਾਦ ਦਿੱਤੀ। ਉਧਰ ਮਾਰਕੀਟ ਕਮੇਟੀ ਦੇ ਚੈਅਰਮੇਨ ਨਰੇਸ਼ ਭਾਰਦਵਾਜ ਨੇ ਜਿੱਥੇ ਕੰਮ ਸ਼ੁਰੂ ਕਰਵਾਉਣ ’ਤੇ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ, ਉਥੇ ਹੀ ਉਨਾਂ ਕਿਹਾ ਕਿ ਵਿਧਾਇਕ ਧਾਲੀਵਾਲ ਦੀ ਅਗਵਾਈ ਵਿੱਚ ਮੰਡੀ ਦਾ ਬਹੁਤ ਸੁਧਾਰ ਹੋਇਆ ਹੈ। ਉਨਾਂ ਕਿਹਾ ਕਿ ਸਮੂਹ ਆੜਤੀਆਂ ਦੀ ਇਹ ਕਾਫੀ ਸਮੇਂ ਤੋਂ ਮੰਗ ਸੀ, ਜਿਸ ਨੂੰ ਵਿਧਾਇਕ ਧਾਲੀਵਾਲ ਨੇ ਪੂਰਾ ਕਰਵਾਇਆ ਹੈ।