ਯੂਪੀ ਦੇ ਅਮਰੋਹਾ ਵਿਚ ਸਕੂਲੀ ਬੱਚਿਆਂ ਨੂੰ ਈ-ਰਿਕਸ਼ਾ ਪਿੱਛੇ ਰੱਸੀ ਨਾਲ ਬੰਨ੍ਹਣ ਦਾ ਇਕ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਉ ਸੋਮਵਾਰ 1 ਅਪ੍ਰੈਲ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਈ-ਰਿਕਸ਼ਾ ਦਾ ਚਲਾਨ ਕੱਟਿਆ ਹੈ। ਵਾਇਰਲ ਵੀਡੀਉ ਅਮਰੋਹਾ ਦੇ ਅਤਰਾਸੀ ਰੋਡ ਦਾ ਹੈ, ਜਿਸ ਵਿਚ ਚਾਰ ਸਕੂਲੀ ਬੱਚਿਆਂ ਨੂੰ ਈ-ਰਿਕਸ਼ਾ ਦੇ ਪਿੱਛੇ ਰੱਸੀ ਨਾਲ ਬੰਨ੍ਹ ਕੇ ਸਕੂਲ ਲਿਜਾਇਆ ਜਾ ਰਿਹਾ ਹੈ। ਵਾਇਰਲ ਵੀਡੀਉ ਨੇ ਸੋਸ਼ਲ ਮੀਡੀਆ ‘ਤੇ ਲੰਬੀ ਬਹਿਸ ਛੇੜ ਦਿਤੀ।
ਦਰਅਸਲ, ਸੜਕ ਸੁਰੱਖਿਆ ਕਮੇਟੀ ਦੀ ਟੀਮ ਨੇ ਸਕੂਲੀ ਬੱਚਿਆਂ ਨੂੰ ਈ-ਰਿਕਸ਼ਾ ਵਿਚ ਸਵਾਰ ਦੇਖਿਆ ਗਿਆ, ਜਿਸ ਵਿਚ ਦਰਜਨਾਂ ਸਕੂਲੀ ਬੱਚਿਆਂ ਨੂੰ ਅਸੁਰੱਖਿਅਤ ਤਰੀਕੇ ਨਾਲ ਲਿਜਾਇਆ ਜਾ ਰਿਹਾ ਸੀ। ਜਦੋਂ ਕਮੇਟੀ ਮੈਂਬਰ ਨੇ ਈ-ਰਿਕਸ਼ਾ ਰੋਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਰਫਤਾਰ ਵਧਾ ਦਿਤੀ। ਇਸ ਤੋਂ ਬਾਅਦ ਵਲੰਟੀਅਰਾਂ ਨੇ ਦੌੜ ਕੇ ਈ-ਰਿਕਸ਼ਾ ਨੂੰ ਰੋਕ ਦਿਤਾ ਅਤੇ ਇਸ ਦੀ ਵੀਡੀਓ ਬਣਾਈ। ਈ-ਰਿਕਸ਼ਾ ‘ਚ ਪਿੱਛੇ ਜੁਗਾੜੂ ਸੀਟ ਬਣਾਈ ਗਈ ਸੀ ਅਤੇ ਬੱਚਿਆਂ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ।
ਫੜੇ ਜਾਣ ਤੋਂ ਬਾਅਦ ਈ-ਰਿਕਸ਼ਾ ਚਾਲਕ ਨੇ ਦਸਿਆ ਕਿ ਇਹ ਰਿਕਸ਼ਾ ਉਸ ਦੇ ਚਾਚੇ ਦਾ ਸੀ ਅਤੇ ਉਸ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਇਸ ਤੋਂ ਬਾਅਦ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਨੇ ਇਸ ਵੀਡੀਉ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿਤਾ। ਵੀਡੀਉ ਵਾਇਰਲ ਹੋਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਹਰਕਤ ਵਿਚ ਆਇਆ ਅਤੇ ਈ-ਰਿਕਸ਼ਾ ਚਾਲਕ ਨੂੰ 8,200 ਰੁਪਏ ਦਾ ਚਲਾਨ ਜਾਰੀ ਕੀਤਾ। ਇਸ ਦੇ ਨਾਲ ਹੀ ਹਦਾਇਤ ਦਿਤੀ ਕਿ ਬੱਚਿਆਂ ਦੀ ਜਾਨ ਨੂੰ ਅਜਿਹਾ ਖਿਲਵਾੜ ਨਾ ਕੀਤਾ ਜਾਵੇ।