ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਪੋਲੋ ਗਰਾਊਂਡ ‘ਚ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਪਣੀ ਪਹਿਲੀ ਰੈਲੀ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਲਈ ਦੇਸ਼ ਨੂੰ ਵੰਡਿਆ ਅਤੇ ਵੰਡ ਵੀ ਇਸ ਤਰ੍ਹਾਂ ਦੀ ਕੀਤੀ ਕਿ 70 ਸਾਲਾਂ ਤੋਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਸਨ।

    ਉਨ੍ਹਾਂ ਕਿਹਾ ਕਿ ਜਦੋਂ ਬੰਗਲਾਦੇਸ਼ ਦੀ ਜੰਗ ਹੋਈ ਤਾਂ 90 ਹਜ਼ਾਰ ਤੋਂ ਵੱਧ ਪਾਕਿਸਤਾਨੀ ਫ਼ੌਜੀ ਆਤਮ ਸਮਰਪਣ ਕਰ ਚੁੱਕੇ ਸਨ, 90 ਹਜ਼ਾਰ ਤੋਂ ਵੱਧ ਫ਼ੌਜੀ ਸਾਡੇ ਅਧੀਨ ਸਨ। ਮੈਂ ਭਰੋਸੇ ਨਾਲ ਕਹਿੰਦਾ ਹਾਂ, ਜੇਕਰ ਉਸ ਵੇਲੇ ਮੋਦੀ ਹੁੰਦਾ ਤਾਂ ਉਨ੍ਹਾਂ ਤੋਂ ਕਰਤਾਰਪੁਰ ਸਾਹਿਬ ਲੈ ਰਹਿੰਦਾ, ਤਾਂ ਹੀ ਉਨ੍ਹਾਂ ਜਵਾਨਾਂ ਨੂੰ ਛੱਡਦਾ। ਉਹ ਤਾਂ ਨਹੀਂ ਕਰ ਸਕੇ, ਪਰ ਮੇਰੇ ਤੋਂ ਜਿੰਨੀ ਸੇਵਾ ਹੋ ਸਕੀ ਮੈਂ ਕੀਤੀ। ਅੱਜ ਕਰਤਾਰਪੁਰ ਸਾਹਿਬ ਤੁਹਾਡੇ ਸਾਹਮਣੇ ਹੈ।

    ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਨ ਨਹੀਂ ਦਿੰਦੇ ਸਨ। ਅਸੀਂ ਇਸ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਸ੍ਰੀ ਫਤਹਿਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਦਾ ਗਵਾਹ ਰਿਹਾ ਹੈ। ਇਹ ਮੋਦੀ ਸਰਕਾਰ ਹੈ, ਜਿਸ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਸਮਰਪਿਤ ਵੀਰ ਬਾਲ ਦਿਵਸ ਐਲਾਨਿਆ ਸੀ। ਅਫਗਾਨਿਸਤਾਨ ਵਿੱਚ ਸਾਡੇ ਸਿੱਖ ਪਰਿਵਾਰ ਮੁਸੀਬਤ ਵਿੱਚ ਸਨ। ਅਸੀਂ ਸਾਰਿਆਂ ਨੂੰ ਸੁਰੱਖਿਅਤ ਵਾਪਸ ਲਿਆਏ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸਤਿਕਾਰ ਨਾਲ ਲੈ ਕੇ ਆਏ ਹਾਂ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਤੁਹਾਨੂੰ ਸਮਾਂ ਮਿਲੇ ਤਾਂ ਗੁਜਰਾਤ ਦੇ ਲਖਪਤ ਵਿੱਚ ਜਾਓ, ਉੱਥੇ ਗੁਰੂ ਨਾਨਕ ਦੇਵ ਜੀ ਨੇ ਵਿਸ਼ਰਾਮ ਕੀਤਾ ਸੀ। ਭੂਚਾਲ ਨਾਲ ਉਹ ਗੁਰਦੁਆਰਾ ਢਹਿ ਗਿਆ ਸੀ। ਮੈਂ ਮੁੱਖ ਮੰਤਰੀ ਸੀ। ਮੈਂ ਕਿਹਾ ਕਿ ਮੈਂ ਉਹੀ ਗੁਰਦੁਆਰਾ ਬਣਾਉਣਾ ਚਾਹੁੰਦਾ ਹਾਂ ਜੋ ਗੁਰੂ ਸਾਹਿਬ ਦੇ ਸਮੇਂ ਸੀ। ਗੁਰਦੁਆਰਾ ਬਣਾਉਣ ਲਈ ਕੋਈ ਕਾਰੀਗਰ ਨਹੀਂ ਸਨ। ਅੱਜ ਕੱਛ ਦੇ ਸਿਰੇ ‘ਤੇ ਲਖਪਤ ‘ਚ ਉਹੀ ਗੁਰਦੁਆਰਾ ਬਣਿਆ ਹੋਇਆ ਹੈ ਜੋ ਪਹਿਲਾਂ ਸੀ। ਉਥੇ ਵੋਟ ਨਹੀਂ ਹੈ, ਮੋਦੀ ਵੋਟਾਂ ਲਈ ਨਹੀਂ ਕਰਦਾ, ਸ਼ਰਧਾ ਲਈ ਸਿਰ ਝੁਕਾਉਂਦਾ ਹੈ, ਇਸੇ ਲਈ ਕਰ ਰਿਹਾ ਹੈ।