ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉਤਰਾਖੰਡ ਦੇ ਰੁਦਰਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੀਜੇ ਕਾਰਜਕਾਲ ਵਿੱਚ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਬਣਾ ਰਹੀ ਹੈ। ਹਰ ਘਰ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਵੀ ਯੋਜਨਾ ਹੈ। ਉਨ੍ਹਾਂ ਕਿਹਾ, “ਸਰਕਾਰ ਦੀ ਨੀਅਤ ਸਹੀ ਹੋਵੇ ਤਾਂ ਨਤੀਜੇ ਵੀ ਸਹੀ ਆਉਂਦੇ ਹਨ। ”
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੇਵਭੂਮੀ ਉੱਤਰਾਖੰਡ ਵਿੱਚ ਇਹ ਮੇਰੀ ਪਹਿਲੀ ਚੋਣ ਰੈਲੀ ਹੈ। ਹੁਣ ਮੈਂ ਇਹ ਤੈਅ ਨਹੀਂ ਕਰ ਪਾ ਰਿਹਾ ਹਾਂ ਕਿ ਇਹ ਚੋਣ ਪ੍ਰਚਾਰ ਰੈਲੀ ਹੈ ਜਾਂ ਜਿੱਤ ਰੈਲੀ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜੋ ਤੁਸੀਂ ਧੁੱਪ ਵਿੱਚ ਤਪ ਰਹੇ ਹੋ, ਮੈਂ ਤੁਹਾਡੀ ਤਪੱਸਿਆ ਵਿਅਰਥ ਨਹੀਂ ਜਾਣ ਦਿਆਂਗਾ। ਮੈਂ ਇਸਨੂੰ ਵਿਕਾਸ ਰਾਹੀਂ ਵਾਪਸ ਕਰਾਂਗਾ। ਦੇਵਭੂਮੀ ਦਾ ਇਹ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਪੂੰਜੀ ਹੈ।
’12 ਲੱਖ ਘਰਾਂ ‘ਚ ਪਾਣੀ ਦੇ ਕੁਨੈਕਸ਼ਨ’
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਉੱਤਰਾਖੰਡ ਵਿੱਚ ਭਾਜਪਾ ਨੇ 12 ਲੱਖ ਘਰਾਂ ਤੱਕ ਪਾਣੀ ਦੇ ਕੁਨੈਕਸ਼ਨ ਪਹੁੰਚਾਏ ਹਨ, ਪੰਜ ਲੱਖ ਪਖਾਨੇ ਬਣਾਏ ਹਨ ਅਤੇ ਪੰਜ ਲੱਖ ਤੋਂ ਵੱਧ ਮਹਿਲਾਵਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਹਨ। ਭਾਜਪਾ ਸਰਕਾਰ ਨੇ 35 ਲੱਖ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਹਨ। ਇੱਥੋਂ ਦੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2200 ਕਰੋੜ ਰੁਪਏ ਸਿੱਧੇ ਭੇਜੇ ਗਏ ਹਨ।